ਜਲੰਧਰ ‘ਚ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਧਮਕੀ ਭਰੀ ਈਮੇਲ, ਸਟੇਜ ਹੇਠਾਂ IED ਹੋਣ ਦਾ ਦਾਅਵਾ

You are currently viewing ਜਲੰਧਰ ‘ਚ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਧਮਕੀ ਭਰੀ ਈਮੇਲ, ਸਟੇਜ ਹੇਠਾਂ IED ਹੋਣ ਦਾ ਦਾਅਵਾ
file photo

Jalandhar News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਵਿੱਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਇੱਕ ਧਮਕੀ ਭਰੀ ਈਮੇਲ ਸਾਹਮਣੇ ਆਉਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਈਮੇਲ ਸਵੇਰੇ ਕਰੀਬ 7:07 ਵਜੇ ਭੇਜੀ ਗਈ।

ਈਮੇਲ ਵਿੱਚ ਅਮਿਤ ਸ਼ਾਹ ਦੀ ਰੈਲੀ ਤੋਂ ਇਲਾਵਾ ਜਲੰਧਰ ਦੇ ਸਕੂਲਾਂ, ਸ਼੍ਰੀ ਦੇਵੀ ਤਲਾਬ ਮੰਦਰ, ਕੋਰਟ ਕੰਪਲੈਕਸ ਅਤੇ ਇੱਕ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਹਾਲਾਂਕਿ, ਇਸ ਧਮਕੀ ਭਰੀ ਈਮੇਲ ਵਿੱਚ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਈਮੇਲ ਵਿੱਚ ਵੱਖ-ਵੱਖ ਥਾਵਾਂ ‘ਤੇ ਧਮਾਕਿਆਂ ਲਈ ਵੱਖਰੇ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਸਕੂਲਾਂ ਲਈ ਸਵੇਰੇ 11:11 ਵਜੇ, ਸ਼੍ਰੀ ਦੇਵੀ ਤਲਾਬ ਮੰਦਰ ਲਈ ਦੁਪਹਿਰ 12:11 ਵਜੇ, ਕੋਰਟ ਕੰਪਲੈਕਸ ਲਈ ਦੁਪਹਿਰ 2:11 ਵਜੇ ਅਤੇ ਇੱਕ ਦਫ਼ਤਰ ਲਈ ਦੁਪਹਿਰ 3:11 ਵਜੇ ਦਾ ਸਮਾਂ ਲਿਖਿਆ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਇਸ ਤੋਂ ਇਲਾਵਾ ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਿਤ ਸ਼ਾਹ ਦੀ ਰੈਲੀ ਦੇ ਸਟੇਜ ਦੇ ਹੇਠਾਂ IED ਲਗਾਇਆ ਗਿਆ ਹੈ। ਰੈਲੀ ਵਿੱਚ ਲੋਕਾਂ ਨੂੰ ਲਿਆਉਣ ਲਈ ਵਰਤੀਆਂ ਜਾਣ ਵਾਲੀਆਂ ਬੱਸਾਂ ਵਿੱਚੋਂ ਕੁਝ ਬੱਸਾਂ ਵਿੱਚ ਵੀ ਬੰਬ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਈਮੇਲ ਦੇ ਅਖੀਰ ਵਿੱਚ ਕੁਝ ਖਾਲਿਸਤਾਨ ਪੱਖੀ ਸੰਗਠਨਾਂ ਦੇ ਨਾਮ ਦਰਜ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਦੇ ਨਾਲ ਕੁਝ ਵਿਅਕਤੀਆਂ ਦੇ ਨਾਮ ਵੀ ਲਿਖੇ ਗਏ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।

12:30 ਵਜੇ ਸ਼੍ਰੀ ਦੇਵੀ ਤਲਾਬ ਮੰਦਰ ਪਹੁੰਚਣਗੇ ਅਮਿਤ ਸ਼ਾਹ

ਅਮਿਤ ਸ਼ਾਹ ਅੱਜ ਜਲੰਧਰ-ਲੁਧਿਆਣਾ ਹਾਈਵੇਅ ਨਾਲ ਲੱਗਦੇ ਪਰਾਗਪੁਰ ਵਿੱਚ ਭਾਜਪਾ ਵੱਲੋਂ ਕਰਵਾਈ ਜਾ ਰਹੀ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੁੱਦੇ ਨੂੰ ਲੈ ਕੇ ਕੱਢੀਆਂ ਗਈਆਂ ਚਾਰ ਯਾਤਰਾਵਾਂ ਦੇ ਸਮਾਪਤੀ ਸਮਾਗਮ ਵਜੋਂ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਅਮਿਤ ਸ਼ਾਹ ਕਰੀਬ 12:30 ਵਜੇ ਸ਼੍ਰੀ ਦੇਵੀ ਤਲਾਬ ਮੰਦਰ ਪਹੁੰਚਣਗੇ। ਉੱਥੇ ਉਹ ਕਰੀਬ ਅੱਧਾ ਘੰਟਾ ਰਹਿਣਗੇ ਅਤੇ ਸੰਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਰੈਲੀ ਵਾਲੀ ਥਾਂ ਲਈ ਰਵਾਨਾ ਹੋਣਗੇ। ਰੈਲੀ ਤੋਂ ਬਾਅਦ ਉਨ੍ਹਾਂ ਦੇ ਹੈਲੀਕਾਪਟਰ ਰਾਹੀਂ ਦਿੱਲੀ ਵਾਪਸ ਜਾਣ ਦਾ ਪ੍ਰੋਗਰਾਮ ਦੱਸਿਆ ਗਿਆ ਹੈ।

ਭਾਜਪਾ ਆਗੂ ਸ਼ੀਤਲ ਅੰਗੁਰਾਲ ਮੁਤਾਬਕ ਰੈਲੀ ਲਈ ਕਰੀਬ 35 ਏਕੜ ਵਿੱਚ ਪੰਡਾਲ ਤਿਆਰ ਕੀਤਾ ਗਿਆ ਹੈ ਅਤੇ ਲਗਭਗ 25 ਹਜ਼ਾਰ ਕੁਰਸੀਆਂ ਲਗਾਈਆਂ ਗਈਆਂ ਹਨ।

ਉੱਥੇ ਹੀ ਜਲੰਧਰ ਉੱਤਰੀ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਕੇ.ਡੀ. ਭੰਡਾਰੀ ਨੇ ਕਿਹਾ ਹੈ ਕਿ ਅਮਿਤ ਸ਼ਾਹ ਦੇ ਦੌਰੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਇਸ ਦੌਰਾਨ ਇਹ ਵੀ ਚਰਚਾ ਹੈ ਕਿ ਸ਼ਾਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਅਹਿਮ ਐਲਾਨ ਕਰ ਸਕਦੇ ਹਨ। ਹਾਲਾਂਕਿ, ਇਸ ਸਬੰਧੀ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।

Leave a Reply