ਰਾਜਬੀਰ ਘੁੰਮਣ ਕੇਸ ‘ਚ CBI ਦਾ ਐਕਸ਼ਨ ਤੇਜ਼, OSD ਦੀ ਕਰੀਬੀ ਤਿੱਕੜੀ ਨੂੰ ਪੁੱਛਗਿੱਛ ਲਈ ਸੱਦਿਆ |

You are currently viewing ਰਾਜਬੀਰ ਘੁੰਮਣ ਕੇਸ ‘ਚ CBI ਦਾ ਐਕਸ਼ਨ ਤੇਜ਼, OSD ਦੀ ਕਰੀਬੀ ਤਿੱਕੜੀ ਨੂੰ ਪੁੱਛਗਿੱਛ ਲਈ ਸੱਦਿਆ |
Punjab News: ਪੰਜਾਬ ਦੇ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਨਾਲ ਜੁੜੇ ਮਾਮਲੇ ਵਿੱਚ ਸੀਬੀਆਈ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਰਾਜਬੀਰ ਘੁੰਮਣ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਜਾਂਚ ਏਜੰਸੀ ਨੇ ਉਨ੍ਹਾਂ ਦੇ ਕਰੀਬੀ ਮੰਨੇ ਜਾਂਦੇ ਤਿੰਨ ਵਿਅਕਤੀਆਂ ਨੂੰ ਤਲਬ ਕੀਤਾ ਹੈ। ਇਨ੍ਹਾਂ ਵਿੱਚ ਨਿਤਿਨ ਗੋਹਲ, ਜਿਤਿਨ ਗੋਹਲ ਅਤੇ ਬੀਰ ਦਵਿੰਦਰ ਸਿੰਘ ਸ਼ਾਮਲ ਹਨ।

ਮਿਲੀ ਜਾਣਕਾਰੀ ਮੁਤਾਬਕ, ਤਿੰਨਾਂ ਨੂੰ ਐਤਵਾਰ ਨੂੰ ਸੀਬੀਆਈ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਜਾਂਚ ਏਜੰਸੀ ਵੱਲੋਂ ਇਨ੍ਹਾਂ ਨੂੰ ਤਿੰਨ ਵਾਰ ਸੰਮਨ ਭੇਜੇ ਗਏ ਸਨ, ਪਰ ਉਹ ਪੇਸ਼ ਨਹੀਂ ਹੋਏ। ਹੁਣ ਪਹਿਲੀ ਵਾਰ ਤਿੰਨਾਂ ਦੇ ਜਾਂਚ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਗੋਹਲ ਭਰਾਵਾਂ ਤੋਂ ਪਹਿਲੀ ਵਾਰ ਹੋਵੇਗੀ ਪੁੱਛਗਿੱਛ

ਇਸ ਮਾਮਲੇ ਵਿੱਚ ਨਿਤਿਨ ਗੋਹਲ ਅਤੇ ਜਿਤਿਨ ਗੋਹਲ ਪਹਿਲੀ ਵਾਰ ਸੀਬੀਆਈ ਦੀ ਜਾਂਚ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉੱਧਰ, ਬੀਰ ਦਵਿੰਦਰ ਸਿੰਘ ਦੇ ਪਿਤਾ ਤੋਂ ਜਾਂਚ ਏਜੰਸੀ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ।

ਬੀਰ ਦਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਹਨ। ਉਹ ਪਾਰਟੀ ਵੱਲੋਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਵੀ ਲੜ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਤਿੰਨਾਂ ਤੋਂ ਪੁੱਛਗਿੱਛ ਦੌਰਾਨ ਜਾਂਚ ਏਜੰਸੀ ਨੂੰ ਕੀ ਜਾਣਕਾਰੀ ਮਿਲਦੀ ਹੈ।

ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਦਰਜ ਹੋਇਆ ਸੀ ਕੇਸ

ਜਾਣਕਾਰੀ ਅਨੁਸਾਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਨੇ 5 ਅਕਤੂਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਸਿੰਘ, ਆਰ.ਐੱਸ. ਨਾਗਰਾ ਅਤੇ ਕੁਝ ਅਣਪਛਾਤੇ ਸਰਕਾਰੀ ਤੇ ਨਿੱਜੀ ਵਿਅਕਤੀਆਂ ਦੇ ਨਾਮ ਸ਼ਾਮਲ ਹਨ।

ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਸੀਬੀਆਈ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਤੋਂ ਬਾਅਦ ਹੀ ਇਸ ਕੇਸ ਨਾਲ ਜੁੜੇ ਹੋਰ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਹਾਲਾਂਕਿ, ਕੇਸ ਵਿੱਚ ਨਾਮ ਆਉਣ ਜਾਂ ਪੁੱਛਗਿੱਛ ਲਈ ਬੁਲਾਏ ਜਾਣ ਦਾ ਮਤਲਬ ਦੋਸ਼ ਸਾਬਤ ਹੋਣਾ ਨਹੀਂ ਹੈ।

Leave a Reply