ਪੰਜਾਬ ਦੀ ਸਿਆਸਤ ਵਿੱਚ ਇੱਕ ਹੋਰ ਅਹਿਮ ਸਿਆਸੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਢਿੱਲੋਂ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਦਾਮਨ ਫੜਨ ਜਾ ਰਹੇ ਹਨ। ਉਨ੍ਹਾਂ ਦੇ ਇਸ ਫੈਸਲੇ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਸਿਆਸੀ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ।
‘ਮੇਜਰ ਭੂਪ’ ਦੇ ਨਾਮ ਨਾਲ ਜਾਣੇ ਜਾਂਦੇ ਭੁਪਿੰਦਰ ਸਿੰਘ ਢਿੱਲੋਂ ਅਕਾਲੀ-ਭਾਜਪਾ ਸਰਕਾਰ ਦੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਸਕੱਤਰ ਰਹਿ ਚੁੱਕੇ ਹਨ। ਉਹ ਲੰਮੇ ਸਮੇਂ ਤੱਕ ਬਾਦਲ ਪਰਿਵਾਰ ਨਾਲ ਜੁੜੇ ਰਹੇ ਹਨ ਅਤੇ ਪਿੰਡ ਬਾਦਲ ਵਿੱਚ ਉਨ੍ਹਾਂ ਦਾ ਪਰਿਵਾਰਕ ਪ੍ਰਭਾਵ ਵੀ ਮੰਨਿਆ ਜਾਂਦਾ ਹੈ।
ਭੁਪਿੰਦਰ ਸਿੰਘ ਮਰਹੂਮ ਸਾਬਕਾ ਸੰਸਦ ਮੈਂਬਰ ਗੁਰਰਾਜ ਸਿੰਘ ਬਾਦਲ ਦੇ ਪੁੱਤਰ ਹਨ। ਗੁਰਰਾਜ ਸਿੰਘ, ਪ੍ਰਕਾਸ਼ ਸਿੰਘ ਬਾਦਲ ਦੇ ਪਿਤਾ ਰਘੁਰਾਜ ਸਿੰਘ ਦੇ ਛੋਟੇ ਭਰਾ ਸਨ। ਉਨ੍ਹਾਂ ਦਾ ਜੱਦੀ ਘਰ ਪਿੰਡ ਬਾਦਲ ਵਿੱਚ ਸੁਖਬੀਰ ਸਿੰਘ ਬਾਦਲ ਦੇ ਪੁਰਾਣੇ ਘਰ ਦੇ ਬਿਲਕੁਲ ਨਾਲ ਸਥਿਤ ਹੈ।
ਇਸ ਸਾਲ ਜੂਨ ਮਹੀਨੇ ਦੌਰਾਨ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਉਸ ਵੇਲੇ ਤੇਜ਼ ਹੋ ਗਈਆਂ ਸਨ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਪਹੁੰਚੇ ਸਨ। ਉਸ ਸਮੇਂ ਭੁਪਿੰਦਰ ਸਿੰਘ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨ ਤੋਂ ਬਾਅਦ ਸਿਹਤਯਾਬ ਹੋ ਰਹੇ ਸਨ।
ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਅਮਰਵੀਰ ਸਿੰਘ ਬਾਵਾ ਨਾਲ ਅੱਜ ਸ਼ਾਮ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮੰਤਰੀ ਸ਼੍ਰੀਨਿਵਾਸੁਲੂ ਵੀ ਮੌਜੂਦ ਰਹਿਣਗੇ।
ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੰਬੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਕੋਲੋਂ ਕਿਸੇ ਵੀ ਅਹੁਦੇ ਜਾਂ ਟਿਕਟ ਦੀ ਮੰਗ ਨਹੀਂ ਕੀਤੀ ਹੈ।
ਹਾਲਾਂਕਿ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਭਾਜਪਾ 2027 ਦੀਆਂ ਚੋਣਾਂ ਵਿੱਚ ਉਨ੍ਹਾਂ ਨੂੰ ਲੰਬੀ ਤੋਂ ਮੈਦਾਨ ਵਿੱਚ ਉਤਾਰ ਸਕਦੀ ਹੈ। ਲੰਬੀ ਹਲਕਾ ਬਾਦਲ ਪਰਿਵਾਰ ਦਾ ਰਵਾਇਤੀ ਗੜ੍ਹ ਮੰਨਿਆ ਜਾਂਦਾ ਰਿਹਾ ਹੈ ਅਤੇ ਇੱਥੇ ਭੁਪਿੰਦਰ ਸਿੰਘ ਦੀ ਐਂਟਰੀ ਨੂੰ ਭਾਜਪਾ ਦੀ ਵੱਡੀ ਸਿਆਸੀ ਰਣਨੀਤੀ ਵਜੋਂ ਵੀ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ, ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਵੀ ਪਿੰਡ ਬਾਦਲ ਨਾਲ ਸਬੰਧ ਰੱਖਦੇ ਹਨ ਅਤੇ ਇਸ ਵੇਲੇ ਬਠਿੰਡਾ ਸ਼ਹਿਰੀ ਅਤੇ ਗਿੱਦੜਬਾਹਾ ਖੇਤਰਾਂ ਵਿੱਚ ਸਰਗਰਮ ਹਨ। ਅਜਿਹੇ ਵਿੱਚ ਬਾਦਲ ਪਰਿਵਾਰ ਨਾਲ ਜੁੜੇ ਇੱਕ ਹੋਰ ਚਿਹਰੇ ਦਾ ਭਾਜਪਾ ਵਿੱਚ ਆਉਣਾ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਪੈਦਾ ਕਰ ਸਕਦਾ ਹੈ।
