UPSC ਦੇ ਨਤੀਜਿਆਂ ਵਿੱਚ ਪੰਜਾਬ ਦੇ ਕਈ ਨੌਜਵਾਨ ਕੁੜੀਆਂ-ਮੁੰਡਿਆਂ ਨੇ ਬਾਜ਼ੀ ਮਾਰੀ ਹੈ ਜਿਨ੍ਹਾਂ ਵਿੱਚੋਂ ਫਰੀਦਕੋਟ ਦਾ ਨੌਜਵਾਨ ਸਨਵਰਦੀਪ ਸਿੰਘ ਵੀ ਸ਼ਾਮਿਲ ਹੈ। ਸਨਵਰਦੀਪ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਦੇਸ਼ ਵਿੱਚ 76ਵਾਂ ਰੈਂਕ ਹਾਸਲ ਕੀਤਾ ਹੈ। ਇਸ ਕਾਮਯਾਬੀ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ, ਸਗੋਂ ਪੂਰੇ ਫਰੀਦਕੋਟ ਅਤੇ ਪੰਜਾਬ ਦਾ ਨਾਮ ਵੀ ਰੋਸ਼ਨ ਹੋਇਆ ਹੈ।
ਆਪਣੀ ਮੁੱਢਲੀ ਪੜ੍ਹਾਈ ਫਰੀਦਕੋਟ ਦੇ ਦਸ਼ਮੇਸ਼ ਪਬਲਿਕ ਸਕੂਲ ਤੋਂ ਕਰਨ ਤੋਂ ਬਾਅਦ ਪੂਨੇ ਵਿਖੇ ਮਕੈਨਿਕਲ ਇੰਜੀਨੀਅਰਿੰਗ ਪਾਸ ਕੀਤੀ ਅਤੇ ਇਸੇ ਦੌਰਾਨ ਹੀ ਉਸ ਨੇ ਪੀ.ਸੀ.ਐਸ. ਕਲੀਅਰ ਕਰ ਕੋਆਪਰੇਟਿਵ ਸੁਸਾਇਟੀ ਵਿਚ ਨੌਕਰੀ ਮਿਲ ਗਈ ਅਤੇ ਆਪਣੀ ਨੌਕਰੀ ਦੌਰਾਨ ਹੀ ਉਸ ਵਲੋਂ ਆਪਣੀ ਟੀਚੇ ਯੂ.ਪੀ.ਐਸ.ਸੀ. ਨੂੰ ਕਲੀਅਰ ਕਰਨ ਲਈ ਲਗਾਤਾਰ ਮਿਹਨਤ ਜਾਰੀ ਰੱਖੀ ਅਤੇ ਤੀਜੀ ਵਾਰ ਕੋਸ਼ਿਸ਼ ਵਿਚ ਉਸ ਵਲੋਂ ਯੂ.ਪੀ.ਐਸ.ਸੀ. ਕਲੀਅਰ ਕਰਦੇ ਹੋਏ ਪੂਰੇ ਭਾਰਤ ਵਿਚ 76ਵਾਂ ਰੈਂਕ ਹਾਸਿਲ ਕੀਤਾ ਹੈ।
ਸਨਵਰਦੀਪ ਸਿੰਘ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਨਾਲ ਹੀ ਉਸਨੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹਮੇਸ਼ਾ ਉਸਨੂੰ ਪੜ੍ਹਾਈ ਲਈ ਉਤਸ਼ਾਹਿਤ ਕੀਤਾ। ਸਨਵਰਦੀਪ ਸਿੰਘ ਦੇ ਮਾਤਾ ਜੋ ਫਰੀਦਕੋਟ ਦੇ ਬਰਜਿੰਦਰਾ ਕਾਲਜ ਵਿਚ ਕਮਰਸ ਦੇ ਪ੍ਰੋਫੈਸਰ ਹਨ ਅਤੇ ਪਿਤਾ ਐਗਰੀਕਲਚਰ ਐਕਸਪਰਟ ਹਨ, ਜੋ ਇਸ ਸਮੇਂ ਫਰੀਦਕੋਟ ਦੇ ਖੇਤਰੀ ਐਗਰੀਕਲਚਰ ਵਿਭਾਗ ਵਿਚ ਬਤੌਰ ਡਾਇਰੈਕਟਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
ਸਨਵਰਦੀਪ ਸਿੰਘ ਦੇ ਮਾਤਾ-ਪਿਤਾ ਦਾ ਵੀ ਕਹਿਣਾ ਹੈ ਕਿ ਸਨਵਰਦੀਪ ਸਿੰਘ ਸ਼ੁਰੂ ਤੋਂ ਹੀ ਆਪਣੀ ਪੜ੍ਹਾਈ ਵੱਲ ਧਿਆਨ ਦਿੰਦਾ ਰਿਹਾ ਤੇ ਬਹੁਤ ਘੱਟ ਬੋਲਣ ਵਾਲਾ ਬੱਚਾ ਸੀ। ਸਕੂਲੀ ਪੜ੍ਹਾਈ ਤੋਂ ਹੀ ਪਤਾ ਲੱਗ ਗਿਆ ਸੀ ਕਿ ਉਹ ਅੱਗੇ ਜਾ ਕੇ ਪੜ੍ਹਾਈ ਵਿਚ ਵੱਡਾ ਮੁਕਾਮ ਹਾਸਿਲ ਕਰੇਗਾ ਹਾਲਾਂਕਿ ਉਸ ਦੀ ਨੌਕਰੀ ਵੀ ਮਿਲ ਚੁੱਕੀ ਸੀ ਪਰ ਨੌਕਰੀ ਦੇ ਰਹਿਣ ਦੇ ਬਾਵਜੂਦ ਉਸਦੀ ਇੱਛਾਵਾਂ ਖਤਮ ਨਹੀਂ ਹੋਈਆਂ ਅਤੇ ਲਗਾਤਾਰ ਉਹ ਯੂ.ਪੀ.ਐਸ.ਸੀ. ਦੀ ਤਿਆਰੀ ਕਰਦਾ ਰਿਹਾ।
