ਪੰਜਾਬ ਵਿੱਚ ਲੰਬੇ ਅਤੇ ਅਣ-ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨਾਂ ਅਤੇ ਉਦਯੋਗਪਤੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਵਿਚਕਾਰ ਸੂਬਾ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਬਦਲਾਅ ਕੀਤਾ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਪ੍ਰਸ਼ਾਸਨਿਕ ਸਕੱਤਰ ਅਤੇ ਸੀਐੱਮਡੀ ਡਾ. ਬਸੰਤ ਗਰਗ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਪ੍ਰਿੰਸੀਪਲ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੂੰ PSPCL ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ।
ਇਸ ਫੇਰਬਦਲ ਤੋਂ ਬਾਅਦ ਗੁਰਕੀਰਤ ਕਿਰਪਾਲ ਸਿੰਘ ਕੋਲ ਮੌਜੂਦ ਉਦਯੋਗ ਵਿਭਾਗ ਨਾਲ ਸਬੰਧਤ ਸਾਰੇ ਚਾਰਜ ਹੁਣ ਡਾ. ਬਸੰਤ ਗਰਗ ਨੂੰ ਸੌਂਪੇ ਗਏ ਹਨ। ਗੁਰਕੀਰਤ ਕਿਰਪਾਲ ਸਿੰਘ ਨੂੰ ਪ੍ਰਸ਼ਾਸਨਿਕ ਮਾਮਲਿਆਂ ਦੇ ਤਜਰਬੇ ਲਈ ਜਾਣਿਆ ਜਾਂਦਾ ਹੈ, ਪਰ ਮੌਜੂਦਾ ਹਾਲਾਤਾਂ ਵਿੱਚ PSPCL ਦੀ ਜ਼ਿੰਮੇਵਾਰੀ ਸੰਭਾਲਣਾ ਉਨ੍ਹਾਂ ਲਈ ਵੱਡੀ ਚੁਣੌਤੀ ਮੰਨੀ ਜਾ ਰਹੀ ਹੈ।
ਸੂਬੇ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕਮੀ ਅਤੇ ਬਿਜਲੀ ਦੀ ਵਧਦੀ ਮੰਗ ਨੇ ਸਰਕਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਿਜਲੀ ਦੀ ਮੰਗ ਵਿੱਚ ਕਰੀਬ 3,500 ਮੈਗਾਵਾਟ ਦਾ ਵਾਧਾ ਹੋਇਆ ਹੈ ਅਤੇ ਇਹ 16,000 ਮੈਗਾਵਾਟ ਤੱਕ ਪਹੁੰਚ ਗਈ ਹੈ। ਦੂਜੇ ਪਾਸੇ, ਕੋਲੇ ਦੀ ਅਨਿਯਮਿਤ ਸਪਲਾਈ ਕਾਰਨ ਸੂਬੇ ਵਿੱਚ ਕਰੀਬ 6,000 ਮੈਗਾਵਾਟ ਬਿਜਲੀ ਹੀ ਪੈਦਾ ਹੋ ਰਹੀ ਸੀ। ਇਸ ਕਾਰਨ ਵਧਦੀ ਮੰਗ ਨੂੰ ਪੂਰਾ ਕਰਨਾ ਸਰਕਾਰ ਲਈ ਮੁਸ਼ਕਲ ਬਣਿਆ ਹੋਇਆ ਹੈ।
ਬਿਜਲੀ ਵਿਭਾਗ ਵਿੱਚ ਇਹ ਤਬਦੀਲੀ ਉਸ ਸਮੇਂ ਹੋਈ ਹੈ ਜਦੋਂ ਖੇਤੀਬਾੜੀ ਖੇਤਰ ਨੂੰ ਲੋੜੀਂਦੀ ਬਿਜਲੀ ਨਾ ਮਿਲਣ ਦੇ ਦੋਸ਼ਾਂ ਵਿਚਕਾਰ ਕਿਸਾਨ ਕਈ ਥਾਵਾਂ ‘ਤੇ ਧਰਨੇ ਦੇ ਰਹੇ ਹਨ। ਉੱਥੇ ਹੀ ਬਿਜਲੀ ਕੱਟਾਂ ਕਾਰਨ ਉਦਯੋਗਿਕ ਕੰਮਕਾਜ ਪ੍ਰਭਾਵਿਤ ਹੋਣ ਦਾ ਦੋਸ਼ ਲਗਾਉਂਦਿਆਂ ਉਦਯੋਗਪਤੀਆਂ ਨੇ ਵੀ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ ਸੀ।
ਸੂਬਾ ਸਰਕਾਰ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਥਰਮਲ ਪਲਾਂਟਾਂ ਨੂੰ ਕੇਂਦਰ ਵੱਲੋਂ ਲੋੜੀਂਦੀ ਮਾਤਰਾ ਵਿੱਚ ਕੋਲਾ ਨਾ ਮਿਲਣ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ ਅਤੇ ਇਸੇ ਕਾਰਨ ਕੱਟ ਲਗਾਉਣੇ ਪਏ ਹਨ।
ਇਸੇ ਦੌਰਾਨ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਲੁਧਿਆਣਾ ਵਿੱਚ ਕਿਹਾ ਕਿ ਮੰਗਲਵਾਰ ਤੋਂ ਸੂਬੇ ਵਿੱਚ ਬਿਜਲੀ ਕੱਟ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰੋਜ਼ਾਨਾ 10 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਨਿੱਜੀ ਥਰਮਲ ਪਲਾਂਟਾਂ ਸਮੇਤ ਸਾਰੇ ਪਲਾਂਟ ਚਾਲੂ ਹੋਣ ਤੋਂ ਬਾਅਦ ਉਦਯੋਗਾਂ ਨੂੰ ਵੀ ਬਿਜਲੀ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
