ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 4 ਤੋਂ 6 ਅਕਤੂਬਰ ਤੱਕ ਤਿੰਨ ਦਿਨਾਂ ਦੇ ਅਹਿਮ ਸਿੰਗਾਪੁਰ ਦੌਰੇ ‘ਤੇ ਰਹਿਣਗੇ। ਇਸ ਦੌਰੇ ਦਾ ਮੁੱਖ ਮਕਸਦ ਹਰਿਆਣਾ ਅਤੇ ਸਿੰਗਾਪੁਰ ਵਿਚਕਾਰ ਨਿਵੇਸ਼, ਉਦਯੋਗਿਕ ਸਹਿਯੋਗ, ਤਕਨੀਕੀ ਭਾਈਵਾਲੀ ਅਤੇ ਹੁਨਰ ਵਿਕਾਸ ਦੇ ਨਵੇਂ ਮੌਕਿਆਂ ਦੀ ਭਾਲ ਕਰਨਾ ਅਤੇ ਉਨ੍ਹਾਂ ਨੂੰ ਠੋਸ ਰੂਪ ਦੇਣਾ ਹੈ।
ਗਲੋਬਲ ਨਿਵੇਸ਼ਕਾਂ ਨੂੰ ਆਕਰਸ਼ਿਤ ਕਰੇਗੀ ਸਰਕਾਰ
ਮੁੱਖ ਮੰਤਰੀ ਆਪਣੇ ਦੌਰੇ ਦੌਰਾਨ ਲੌਜਿਸਟਿਕਸ, ਸੈਮੀਕੰਡਕਟਰ, ਅਤਿ-ਆਧੁਨਿਕ ਮੈਨੂਫੈਕਚਰਿੰਗ, ਐਗਰੋ ਅਤੇ ਫੂਡ ਪ੍ਰੋਸੈਸਿੰਗ, ਗਲੋਬਲ ਕੈਪੇਬਿਲਟੀ ਸੈਂਟਰ (GCC), ਹਵਾਬਾਜ਼ੀ ਅਤੇ ਸਿੱਖਿਆ ਵਰਗੇ ਅਹਿਮ ਖੇਤਰਾਂ ਵਿੱਚ ਸਹਿਯੋਗ ਅਤੇ ਨਿਵੇਸ਼ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕਰਨਗੇ।
ਸੂਬਾ ਸਰਕਾਰ ਦਾ ਟੀਚਾ ਹਰਿਆਣਾ ਨੂੰ ਗਲੋਬਲ ਨਿਵੇਸ਼ਕਾਂ ਲਈ ਹੋਰ ਅਨੁਕੂਲ, ਮੁਕਾਬਲੇਬਾਜ਼ ਅਤੇ ਨਵੀਨਤਾ-ਅਧਾਰਿਤ ਉਦਯੋਗਿਕ ਕੇਂਦਰ ਵਜੋਂ ਸਥਾਪਿਤ ਕਰਨਾ ਹੈ।
ਸਿੰਗਾਪੁਰ ਦੌਰੇ ਦੌਰਾਨ ਮੁੱਖ ਮੰਤਰੀ ਵੱਖ-ਵੱਖ ਪ੍ਰਮੁੱਖ ਉਦਯੋਗਿਕ ਸਮੂਹਾਂ, ਨਿਵੇਸ਼ਕਾਂ, ਕਾਰਪੋਰੇਟ ਨੁਮਾਇੰਦਿਆਂ ਅਤੇ ਖੇਤਰ ਦੇ ਮਾਹਿਰਾਂ ਨਾਲ ਰਾਊਂਡ ਟੇਬਲ ਕਾਨਫਰੰਸਾਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਮੀਟਿੰਗਾਂ ਵਿੱਚ ਹਰਿਆਣਾ ਦੀ ਉਦਯੋਗਿਕ ਨੀਤੀ, ਨਿਵੇਸ਼-ਅਨੁਕੂਲ ਮਾਹੌਲ, ਮਜ਼ਬੂਤ ਬੁਨਿਆਦੀ ਢਾਂਚਾ, ਬਿਹਤਰ ਕਨੈਕਟੀਵਿਟੀ, ਕੁਸ਼ਲ ਮਨੁੱਖੀ ਸਰੋਤ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੇ ਉਦਯੋਗਿਕ ਕੌਰੀਡੋਰਾਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਨਿਵੇਸ਼ਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਕਰਨਗੇ CM
CM ਨਾਇਬ ਸਿੰਘ ਸੈਣੀ ਨਿਵੇਸ਼ਕਾਂ ਨਾਲ ਵਨ-ਟੂ-ਵਨ ਮੀਟਿੰਗਾਂ ਵੀ ਕਰਨਗੇ। ਇਨ੍ਹਾਂ ਮੀਟਿੰਗਾਂ ਦੌਰਾਨ ਸਿੰਗਾਪੁਰ ਦੀਆਂ ਕੰਪਨੀਆਂ ਨੂੰ ਹਰਿਆਣਾ ਵਿੱਚ ਮੈਨੂਫੈਕਚਰਿੰਗ ਯੂਨਿਟ ਸਥਾਪਿਤ ਕਰਨ, ਰਿਸਰਚ ਐਂਡ ਡਿਵੈਲਪਮੈਂਟ ਸੈਂਟਰ ਬਣਾਉਣ, ਲੌਜਿਸਟਿਕਸ ਅਤੇ ਵੇਅਰਹਾਊਸਿੰਗ ਸਹੂਲਤਾਂ ਵਿੱਚ ਨਿਵੇਸ਼ ਕਰਨ, ਫੂਡ ਪ੍ਰੋਸੈਸਿੰਗ ਖੇਤਰ ਦਾ ਵਿਸਥਾਰ ਕਰਨ ਅਤੇ ਹਾਈ-ਟੈਕ ਉਦਯੋਗਾਂ ਵਿੱਚ ਭਾਈਵਾਲੀ ਲਈ ਸੱਦਾ ਦਿੱਤਾ ਜਾਵੇਗਾ।
ਸੈਮੀਕੰਡਕਟਰ ਅਤੇ ਮੈਨੂਫੈਕਚਰਿੰਗ ਸੈਕਟਰ ‘ਤੇ ਵਿਸ਼ੇਸ਼ ਫੋਕਸ
ਸੂਬਾ ਸਰਕਾਰ ਖਾਸ ਤੌਰ ‘ਤੇ ਸੈਮੀਕੰਡਕਟਰ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਭਵਿੱਖ ਨਾਲ ਜੁੜੇ ਖੇਤਰਾਂ ਵਿੱਚ ਨਿਵੇਸ਼ ਲਿਆਉਣ ‘ਤੇ ਜ਼ੋਰ ਦੇ ਰਹੀ ਹੈ।
ਇਸ ਦੇ ਨਾਲ ਹੀ ਗਲੋਬਲ ਕੈਪੇਬਿਲਟੀ ਸੈਂਟਰ ਦੇ ਖੇਤਰ ਵਿੱਚ ਹਰਿਆਣਾ ਦੀ ਸਮਰੱਥਾ, IT ਅਤੇ ਤਕਨੀਕੀ ਹੁਨਰਮੰਦ ਨੌਜਵਾਨ, ਰਾਸ਼ਟਰੀ ਰਾਜਧਾਨੀ ਖੇਤਰ (NCR) ਨਾਲ ਨੇੜਤਾ ਅਤੇ ਵਿਸ਼ਵ ਪੱਧਰੀ ਸ਼ਹਿਰੀ ਢਾਂਚੇ ਨੂੰ ਨਿਵੇਸ਼ਕਾਂ ਸਾਹਮਣੇ ਉਜਾਗਰ ਕੀਤਾ ਜਾਵੇਗਾ।
ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵੀ ਵੱਡੀਆਂ ਸੰਭਾਵਨਾਵਾਂ
ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਹਰਿਆਣਾ ਵਿੱਚ ਐਗਰੋ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਵੀ ਵੱਡੀਆਂ ਸੰਭਾਵਨਾਵਾਂ ਹਨ। ਮੁੱਖ ਮੰਤਰੀ ਸਿੰਗਾਪੁਰ ਦੇ ਨਿਵੇਸ਼ਕਾਂ ਅਤੇ ਫੂਡ ਇੰਡਸਟਰੀ ਨਾਲ ਜੁੜੇ ਨੁਮਾਇੰਦਿਆਂ ਨਾਲ ਆਧੁਨਿਕ ਫੂਡ ਪ੍ਰੋਸੈਸਿੰਗ, ਕੋਲਡ ਚੇਨ, ਵੈਲਿਊ ਐਡੀਸ਼ਨ, ਐਕਸਪੋਰਟ-ਅਧਾਰਿਤ ਉਤਪਾਦਨ ਅਤੇ ਖੇਤੀਬਾੜੀ ਉਤਪਾਦਾਂ ਲਈ ਗਲੋਬਲ ਬਾਜ਼ਾਰ ਉਪਲਬਧ ਕਰਵਾਉਣ ਵਰਗੇ ਮੁੱਦਿਆਂ ‘ਤੇ ਚਰਚਾ ਕਰਨਗੇ।
ਕਈ ਖੇਤਰਾਂ ਵਿੱਚ ਸਾਂਝੇਦਾਰੀ ‘ਤੇ ਹੋਵੇਗੀ ਚਰਚਾ
ਹਵਾਬਾਜ਼ੀ, ਲੌਜਿਸਟਿਕਸ ਅਤੇ ਸਪਲਾਈ ਚੇਨ ਮੈਨੇਜਮੈਂਟ ਦੇ ਖੇਤਰਾਂ ਵਿੱਚ ਵੀ ਸਿੰਗਾਪੁਰ ਦੀ ਮਾਹਿਰਤਾ ਦਾ ਲਾਭ ਹਰਿਆਣਾ ਨੂੰ ਮਿਲ ਸਕਦਾ ਹੈ। ਦੌਰੇ ਦੌਰਾਨ ਆਧੁਨਿਕ ਤਕਨਾਲੋਜੀ, ਕੁਸ਼ਲ ਪ੍ਰਬੰਧਨ, ਵੇਅਰਹਾਊਸਿੰਗ, ਮਲਟੀਮੋਡਲ ਕਨੈਕਟੀਵਿਟੀ ਅਤੇ ਉਦਯੋਗਿਕ ਟਰਾਂਸਪੋਰਟ ਪ੍ਰਣਾਲੀ ਨਾਲ ਸਬੰਧਤ ਭਾਈਵਾਲੀ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕੀਤਾ ਜਾਵੇਗਾ।
ਸਿੱਖਿਆ ਅਤੇ ਹੁਨਰ ਵਿਕਾਸ ਵੀ ਮੁੱਖ ਮੰਤਰੀ ਦੇ ਦੌਰੇ ਦਾ ਇੱਕ ਅਹਿਮ ਹਿੱਸਾ ਰਹੇਗਾ। ਹਰਿਆਣਾ ਸਰਕਾਰ ਦਾ ਉਦੇਸ਼ ਵਿਸ਼ਵ ਪੱਧਰੀ ਸੰਸਥਾਵਾਂ, ਉਦਯੋਗਾਂ ਅਤੇ ਟ੍ਰੇਨਿੰਗ ਏਜੰਸੀਆਂ ਨਾਲ ਮਿਲ ਕੇ ਨੌਜਵਾਨਾਂ ਨੂੰ ਭਵਿੱਖ ਦੀਆਂ ਲੋੜਾਂ ਮੁਤਾਬਕ ਤਕਨੀਕੀ ਅਤੇ ਉਦਯੋਗਿਕ ਹੁਨਰ ਪ੍ਰਦਾਨ ਕਰਨਾ ਹੈ।
ਪ੍ਰਵਾਸੀ ਭਾਰਤੀ ਉੱਦਮੀਆਂ ਨਾਲ ਵੀ ਕਰਨਗੇ ਮੁਲਾਕਾਤ
ਮੁੱਖ ਮੰਤਰੀ 6 ਅਕਤੂਬਰ ਨੂੰ ਸਿੰਗਾਪੁਰ ਵਿੱਚ ਸਿੱਖ ਕਾਰੋਬਾਰੀਆਂ ਅਤੇ ਪ੍ਰਵਾਸੀ ਭਾਰਤੀ ਉੱਦਮੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਹਰਿਆਣਾ ਵਿੱਚ ਨਿਵੇਸ਼, ਉਦਯੋਗ ਸਥਾਪਨਾ ਅਤੇ ਸਮਾਜਿਕ-ਆਰਥਿਕ ਵਿਕਾਸ ਨਾਲ ਜੁੜਨ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਪ੍ਰਵਾਸੀ ਉੱਦਮੀਆਂ ਨੂੰ ਹਰਿਆਣਾ ਦੇ ਵਿਕਾਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਵੀ ਕਰਨਗੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੂੰ ਅਗਲੇ ਸਾਲ ਹੋਣ ਵਾਲੇ ‘ਹੈਪਨਿੰਗ ਹਰਿਆਣਾ’ ਵਿੱਚ ਸ਼ਾਮਲ ਹੋਣ ਲਈ ਸੱਦਾ ਵੀ ਦੇਣਗੇ। ਇਹ ਸਮਾਗਮ ਹਰਿਆਣਾ ਦੀ ਉਦਯੋਗਿਕ ਸਮਰੱਥਾ, ਨਿਵੇਸ਼ ਪ੍ਰਾਜੈਕਟਾਂ, ਨਵੀਨਤਾ, ਸਟਾਰਟਅੱਪ, ਮੈਨੂਫੈਕਚਰਿੰਗ ਅਤੇ ਗਲੋਬਲ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਇੱਕ ਮੰਚ ‘ਤੇ ਪੇਸ਼ ਕਰਨ ਦਾ ਮੌਕਾ ਹੋਵੇਗਾ।
ਹਰਿਆਣਾ ਦੀ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਦੇਣ ਦੀ ਤਿਆਰੀ
ਮੁੱਖ ਮੰਤਰੀ ਦੇ ਨਾਲ ਮੁੱਖ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਸਿੰਗਾਪੁਰ ਜਾਵੇਗਾ।
ਇਹ ਵਫ਼ਦ ਨਿਵੇਸ਼ਕਾਂ ਅਤੇ ਸੰਸਥਾਵਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਹਰਿਆਣਾ ਸਰਕਾਰ ਦੀਆਂ ਨੀਤੀਆਂ, ਪ੍ਰਾਜੈਕਟਾਂ ਅਤੇ ਨਿਵੇਸ਼ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵੇਗਾ।
ਮੁੱਖ ਮੰਤਰੀ ਦਾ ਇਹ ਦੌਰਾ ਹਰਿਆਣਾ ਦੀ ਅਰਥਵਿਵਸਥਾ ਨੂੰ ਨਵੀਂ ਰਫ਼ਤਾਰ ਦੇਣ, ਰੁਜ਼ਗਾਰ ਦੇ ਮੌਕੇ ਵਧਾਉਣ, ਆਧੁਨਿਕ ਉਦਯੋਗਾਂ ਨੂੰ ਆਕਰਸ਼ਿਤ ਕਰਨ ਅਤੇ ਸੂਬੇ ਨੂੰ ਗਲੋਬਲ ਨਿਵੇਸ਼ ਦੇ ਨਕਸ਼ੇ ‘ਤੇ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਪਹਿਲਕਦਮੀ ਵਜੋਂ ਦੇਖਿਆ ਜਾ ਰਿਹਾ ਹੈ।
