ਤਰਨਤਾਰਨ-ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, BSF ਦੀ ਕਾਰਵਾਈ ਦੌਰਾਨ ਦੋ ਸ਼ੱਕੀ ਘੁਸਪੈਠੀਏ ਮਾਰੇ ਗਏ
ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਵਿੱਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ BSF ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਖਾਲੜਾ ਥਾਣੇ ਅਧੀਨ ਪੈਂਦੇ ਰਾਜੋਕੇ ਪਿੰਡ ਨੇੜੇ ਵੀਰਵਾਰ ਦੇਰ ਰਾਤ ਕਰੀਬ 12:30 ਵਜੇ ਸਰਹੱਦ ਪਾਰੋਂ ਕੁਝ ਸ਼ੱਕੀ ਵਿਅਕਤੀਆਂ ਨੇ ਭਾਰਤੀ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਮੁਤਾਬਕ BOP ਰਾਜੋਕੇ ਦੇ ਇਲਾਕੇ ਵਿੱਚ ਤਾਇਨਾਤ BSF ਜਵਾਨਾਂ ਨੇ ਕੁਝ ਸ਼ੱਕੀ ਵਿਅਕਤੀਆਂ ਦੀ ਹਲਚਲ ਦੇਖੀ। ਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਦੀ ਚੇਤਾਵਨੀ ਦਿੱਤੀ, ਪਰ ਉਹ ਅੱਗੇ ਵਧਦੇ ਰਹੇ। ਇਸ ਤੋਂ ਬਾਅਦ BSF ਵੱਲੋਂ ਫਾਇਰਿੰਗ ਕੀਤੀ ਗਈ।
ਫਾਇਰਿੰਗ ਦੌਰਾਨ ਦੋ ਘੁਸਪੈਠੀਏ ਮਾਰੇ ਗਏ। ਮੁੱਢਲੀ ਜਾਣਕਾਰੀ ਅਨੁਸਾਰ ਦੋਵੇਂ ਪਾਕਿਸਤਾਨੀ ਨਾਗਰਿਕ ਦੱਸੇ ਜਾ ਰਹੇ ਹਨ। ਹਾਲਾਂਕਿ, ਘਟਨਾ ਸਬੰਧੀ BSF ਵੱਲੋਂ ਅਜੇ ਤੱਕ ਕੋਈ ਵਿਸਥਾਰਤ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਸਰਹੱਦੀ ਇਲਾਕੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਆਸ-ਪਾਸ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਫਾਇਰਿੰਗ ਮਗਰੋਂ ਤੀਜਾ ਘੁਸਪੈਠੀਆ ਵਾਪਸ ਭੱਜਿਆ
BSF ਨਾਲ ਜੁੜੀ ਜਾਣਕਾਰੀ ਮੁਤਾਬਕ ਇੱਕ ਹੋਰ ਵਿਅਕਤੀ ਵੀ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਕੁਝ ਦੂਰੀ ਤੱਕ ਭਾਰਤੀ ਖੇਤਰ ਵਿੱਚ ਆ ਗਿਆ ਸੀ, ਪਰ ਜਿਵੇਂ ਹੀ ਫਾਇਰਿੰਗ ਹੋਈ ਤਾਂ ਉਹ ਘਬਰਾ ਕੇ ਵਾਪਸ ਪਾਕਿਸਤਾਨ ਵੱਲ ਭੱਜ ਗਿਆ।
ਇਸ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਅਤੇ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਗਈ ਹੈ। ਸਰਹੱਦ ‘ਤੇ ਹਰ ਗਤੀਵਿਧੀ ‘ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਸਰਹੱਦ ‘ਤੇ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ ਘੁਸਪੈਠ ਦੀਆਂ ਘਟਨਾਵਾਂ
ਤਰਨਤਾਰਨ ਅਤੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਘੁਸਪੈਠ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਮਾਰਚ 2026 ਵਿੱਚ ਖੇਮਕਰਨ ਸੈਕਟਰ ਵਿੱਚ BSF ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਤੋਂ ਪਹਿਲਾਂ ਅਗਸਤ 2024 ਵਿੱਚ ਦਲ ਪਿੰਡ ਨੇੜੇ ਅਤੇ ਅਗਸਤ 2023 ਵਿੱਚ ਥੇਕਲਾਂ ਪਿੰਡ ਨੇੜੇ ਵੀ ਘੁਸਪੈਠ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ।
ਇਸੇ ਤਰ੍ਹਾਂ ਮਈ 2021 ਵਿੱਚ ਖਾਲੜਾ ਨੇੜੇ ਇੱਕ ਪਾਕਿਸਤਾਨੀ ਘੁਸਪੈਠੀਏ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਫਰਵਰੀ 2021 ਵਿੱਚ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਇੱਕ ਘੁਸਪੈਠੀਏ ਕੋਲੋਂ ਕਥਿਤ ਤੌਰ ‘ਤੇ ਹੈਰੋਇਨ ਅਤੇ ਹਥਿਆਰਾਂ ਨਾਲ ਸਬੰਧਤ ਸਮੱਗਰੀ ਬਰਾਮਦ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ।
ਫਿਲਹਾਲ ਤਰਨਤਾਰਨ ਸਰਹੱਦ ‘ਤੇ ਹੋਈ ਤਾਜ਼ਾ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਚੌਕਸੀ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
