ਉੱਡਦੇ ਜਹਾਜ਼ ‘ਚ ਪਾਇਲਟ ‘ਤੇ ਹਮਲਾ, ਕੁਝ ਪਲਾਂ ‘ਚ ਬਦਲ ਗਿਆ ਪੂਰਾ ਮਾਹੌਲ!

You are currently viewing ਉੱਡਦੇ ਜਹਾਜ਼ ‘ਚ ਪਾਇਲਟ ‘ਤੇ ਹਮਲਾ, ਕੁਝ ਪਲਾਂ ‘ਚ ਬਦਲ ਗਿਆ ਪੂਰਾ ਮਾਹੌਲ!
**ਕੈਪਟਨ ਮਛਾਰ ਅਤੇ ਬੈਂਜਾਮਿਨ ਨੇਤਨਯਾਹੂ। (ਫਾਈਲ ਫੋਟੋ)**

ਡਿਜੀਟਲ ਡੈਸਕ, ਤੇਲ ਅਵੀਵ: ਦੁਬਈ ਤੋਂ ਇਜ਼ਰਾਈਲ ਦੇ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਫਲਾਈਟ ਵਿੱਚ ਵਾਪਰੀ ਗੰਭੀਰ ਘਟਨਾ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਘਟਨਾ ਦੌਰਾਨ ਭਾਰਤੀ ਮੂਲ ਦੇ ਪਾਇਲਟ ਕੈਪਟਨ ਸਮਿਤ ਮੱਛਾਰ ਨੇ ਜ਼ਖਮੀ ਹੋਣ ਦੇ ਬਾਵਜੂਦ ਹਿੰਮਤ ਦਿਖਾਈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ।

ਫਲਾਈਟ FZ1073 ਦੁਬਈ ਤੋਂ ਤੇਲ ਅਵੀਵ ਜਾ ਰਹੀ ਸੀ। ਇਜ਼ਰਾਈਲੀ ਅਧਿਕਾਰੀਆਂ ਮੁਤਾਬਕ, ਉਡਾਣ ਦੌਰਾਨ ਸਹਿ-ਪਾਇਲਟ ਨੇ ਕੈਪਟਨ ਸਮਿਤ ਮੱਛਾਰ ‘ਤੇ ਕਥਿਤ ਤੌਰ ‘ਤੇ ਚਾਕੂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਜਹਾਜ਼ ਵਿੱਚ ਗੰਭੀਰ ਸਥਿਤੀ ਪੈਦਾ ਹੋ ਗਈ ਅਤੇ ਜਹਾਜ਼ ਨੇ ਤੇਜ਼ੀ ਨਾਲ ਉਚਾਈ ਗੁਆ ਦਿੱਤੀ।

‘ਵੱਡੀ ਹਵਾਈ ਤਬਾਹੀ ਟਲ ਗਈ’

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੰਭੀਰ ਤੌਰ ‘ਤੇ ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੁਕਾਬਲਾ ਕੀਤਾ ਅਤੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਕਾਮਯਾਬ ਰਹੇ। ਇਸ ਨਾਲ ਯਾਤਰੀਆਂ ਅਤੇ ਹੋਰ ਕਰੂ ਮੈਂਬਰਾਂ ਨੂੰ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ।

ਨੇਤਨਯਾਹੂ ਨੇ ਕਿਹਾ ਕਿ ਕੈਪਟਨ ਮੱਛਾਰ ਦੀ ਕਾਰਵਾਈ ਨਾਲ ਹਵਾ ਵਿੱਚ ਇੱਕ ਵੱਡੀ ਤਬਾਹੀ ਟਲ ਗਈ। ਉਨ੍ਹਾਂ ਨੇ ਭਾਰਤੀ ਪਾਇਲਟ ਦੀ ਅਸਾਧਾਰਣ ਬਹਾਦਰੀ ਲਈ ਉਸ ਨੂੰ ਸਲਾਮ ਵੀ ਕੀਤਾ।

ਜਹਾਜ਼ ਨੇ ਦੋ ਮਿੰਟਾਂ ਵਿੱਚ ਗੁਆਈ 14 ਹਜ਼ਾਰ ਫੁੱਟ ਤੋਂ ਵੱਧ ਉਚਾਈ

ਫਲਾਈਟ ਟ੍ਰੈਕਿੰਗ ਡਾਟਾ ਮੁਤਾਬਕ ਘਟਨਾ ਦੌਰਾਨ ਜਹਾਜ਼ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਲਗਭਗ 14,000 ਫੁੱਟ ਤੋਂ ਵੱਧ ਉਚਾਈ ਗੁਆ ਦਿੱਤੀ। ਕੁਝ ਰਿਪੋਰਟਾਂ ਵਿੱਚ ਇਹ ਗਿਰਾਵਟ ਲਗਭਗ 17,000 ਫੁੱਟ ਤੱਕ ਦੱਸੀ ਗਈ ਹੈ।

ਸਥਿਤੀ ਨੂੰ ਕਾਬੂ ਕਰਨ ਤੋਂ ਬਾਅਦ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਵੱਲ ਮੋੜਿਆ ਗਿਆ, ਜਿੱਥੇ ਇਸ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ। ਜਹਾਜ਼ ਵਿੱਚ 174 ਲੋਕ ਸਵਾਰ ਸਨ ਅਤੇ ਸਾਰੇ ਯਾਤਰੀ ਸੁਰੱਖਿਅਤ ਰਹੇ।

ਯਾਤਰੀਆਂ ਅਤੇ ਹੋਰ ਪਾਇਲਟਾਂ ਨੇ ਵੀ ਕੀਤੀ ਮਦਦ

ਘਟਨਾ ਦੌਰਾਨ ਕੁਝ ਯਾਤਰੀ ਅਤੇ ਜਹਾਜ਼ ਵਿੱਚ ਮੌਜੂਦ ਹੋਰ ਪਾਇਲਟ ਕਾਕਪਿਟ ਤੱਕ ਪਹੁੰਚੇ ਅਤੇ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਮੌਜੂਦ ਦੂਜੀ ਫਲਾਈਦੁਬਈ ਪਾਇਲਟ ਟੀਮ ਨੇ ਜਹਾਜ਼ ਨੂੰ ਸੰਭਾਲਿਆ ਅਤੇ ਤਬੂਕ ਵਿੱਚ ਸੁਰੱਖਿਅਤ ਲੈਂਡ ਕਰਵਾਇਆ।

ਫਲਾਈਦੁਬਈ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਘਟਨਾ ਦੇ ਪਿੱਛੇ ਮੌਜੂਦ ਕਾਰਨਾਂ ਅਤੇ ਮਕਸਦ ਬਾਰੇ ਜਾਂਚ ਜਾਰੀ ਹੈ ਅਤੇ ਇਸ ਪੜਾਅ ‘ਤੇ ਕਿਸੇ ਵੀ ਤਰ੍ਹਾਂ ਦੀ ਅਟਕਲਬਾਜ਼ੀ ਤੋਂ ਬਚਣਾ ਚਾਹੀਦਾ ਹੈ।

ਕੈਪਟਨ ਸਮਿਤ ਮੱਛਾਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ। ਰਾਇਟਰਜ਼ ਮੁਤਾਬਕ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ।

Leave a Reply