ਇਮਾਨਦਾਰੀ ਹੀ ਮੇਰਾ ਅਸਲ ਸਰਮਾਇਆ: ਭਗਵੰਤ ਮਾਨ
ਵਿਰੋਧੀ ਪਾਰਟੀਆਂ ਪੰਜਾਬ ਨੂੰ ਲੁੱਟਣ ਲਈ ਸੱਤਾ ਹਥਿਆਉਣਾ ਚਾਹੁੰਦੀਆਂ ਹਨ: ਮੁੱਖ ਮੰਤਰੀ
ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਲਈ ਇਮਾਨਦਾਰੀ ਸਭ ਤੋਂ ਵੱਡਾ ਸਰਮਾਇਆ ਹੈ ਅਤੇ ਉਹ ਪੰਜਾਬ ਦੇ ਹੱਕਾਂ ਨਾਲ ਕਦੇ ਸਮਝੌਤਾ ਨਹੀਂ ਕਰਨਗੇ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦਿਆਂ ਦੋਸ਼ ਲਾਇਆ ਕਿ ਇਹ ਪਾਰਟੀਆਂ ਪੰਜਾਬ ਦੀ ਸੇਵਾ ਕਰਨ ਦੀ ਬਜਾਏ ਸੂਬੇ ਦੇ ਸਰੋਤਾਂ ’ਤੇ ਮੁੜ ਕਬਜ਼ਾ ਕਰਨ ਲਈ ਸੱਤਾ ਹਾਸਲ ਕਰਨਾ ਚਾਹੁੰਦੀਆਂ ਹਨ।
ਸੰਗਰੂਰ ਜ਼ਿਲ੍ਹੇ ਦੇ ਪਿੰਡ ਬੱਲਰਾਂ ਵਿੱਚ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਿਨਾਂ ਰਿਸ਼ਵਤ ਅਤੇ ਸਿਆਸੀ ਸਿਫ਼ਾਰਸ਼ ਦੇ 70,680 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਭੁਗਤਾਨ ਸ਼ੁਰੂ ਕਰਨ ਸਮੇਤ ਲੋਕਾਂ ਦੀ ਭਲਾਈ ਲਈ ਕਈ ਕਦਮ ਚੁੱਕ ਰਹੀ ਹੈ।
‘ਪੰਜਾਬ ਦੇ ਹੱਕਾਂ ਲਈ ਡਟ ਕੇ ਲੜਾਂਗਾ’
ਭਗਵੰਤ ਮਾਨ ਨੇ ਭਾਜਪਾ ’ਤੇ ਕੇਂਦਰੀ ਜਾਂਚ ਏਜੰਸੀਆਂ ਈਡੀ ਅਤੇ ਸੀਬੀਆਈ ਦੀ ਕਥਿਤ ਦੁਰਵਰਤੋਂ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲਿਆਂ ’ਤੇ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ, ਪਰ ਉਹ ਕਿਸੇ ਵੀ ਨਿੱਜੀ ਲਾਭ ਜਾਂ ਆਰਾਮ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਬੱਲਰਾਂ ਦੇ ਲੋਕਾਂ ਨਾਲ 2012 ਤੋਂ ਸਬੰਧ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਵੀ ਪਿੰਡ ਦੀਆਂ ਮਾਵਾਂ ਅਤੇ ਭੈਣਾਂ ਵੱਲੋਂ ਮਿਲੇ ਪਿਆਰ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਪਿਆਰ ਉਨ੍ਹਾਂ ਨੂੰ ਪੰਜਾਬ ਦੀ ਸੇਵਾ ਕਰਨ ਲਈ ਹੋਰ ਹੌਸਲਾ ਦਿੰਦਾ ਹੈ। ਉਨ੍ਹਾਂ ਦੀ ਸਰਕਾਰ ਦਾ ਟੀਚਾ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਨੂੰ ਉੱਚੇ ਮੁਕਾਮਾਂ ਤੱਕ ਪਹੁੰਚਾਉਣਾ ਹੈ।
ਪਿੰਡਾਂ ਦੇ ਵਿਕਾਸ ਲਈ 60 ਲੱਖ ਰੁਪਏ ਦੀ ਗ੍ਰਾਂਟ
ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਪਿੰਡ ਬੱਲਰਾਂ ਦੇ ਵਿਕਾਸ ਲਈ 35 ਲੱਖ ਰੁਪਏ ਅਤੇ ਗੁਆਂਢੀ ਪਿੰਡ ਲਹਿਲ ਖੁਰਦ ਲਈ 25 ਲੱਖ ਰੁਪਏ ਦੇ ਗ੍ਰਾਂਟ ਚੈੱਕ ਸੌਂਪੇ। ਇਸ ਤਰ੍ਹਾਂ ਦੋਵਾਂ ਪਿੰਡਾਂ ਲਈ ਕੁੱਲ 60 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ।
ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਲੋਕਾਂ ’ਤੇ ਵਿੱਤੀ ਬੋਝ ਘਟਾਉਣ ਅਤੇ ਜਨਤਕ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਮੁਫ਼ਤ ਬਿਜਲੀ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ, ਸੜਕਾਂ ਵਿੱਚ ਸੁਧਾਰ ਅਤੇ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਸ਼ਾਮਲ ਹੈ।
ਉਨ੍ਹਾਂ ਟੌਲ ਪਲਾਜ਼ੇ ਬੰਦ ਕਰਨ ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਇਸ ਨਾਲ ਯਾਤਰੀਆਂ ਦੀ ਰੋਜ਼ਾਨਾ ਲਗਪਗ 70 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣਾ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਅੱਗੇ ਲਿਜਾਣਾ ਹੈ।
