ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਦੁਨੀਆ ਦੇ ਮਸ਼ਹੂਰ ਆਈਫਲ ਟਾਵਰ ਨੂੰ ਸੋਮਵਾਰ ਨੂੰ ਕਰਮਚਾਰੀਆਂ ਦੀ ਹੜਤਾਲ ਕਾਰਨ ਬੰਦ ਕਰਨਾ ਪਿਆ। ਇਹ ਹੜਤਾਲ ਸ਼ਨੀਵਾਰ ਨੂੰ ਹਿੰਦੂ ਅਧਿਆਤਮਿਕ ਸੰਗਠਨ BAPS ਦੇ ਇੱਕ ਵਫ਼ਦ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨਾਲ ਕੀਤੇ ਗਏ ਕਥਿਤ ਪ੍ਰਬੰਧਾਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਕੀਤੀ ਗਈ।
ਸਟਾਫ਼ ਯੂਨੀਅਨ ਦੀ ਪ੍ਰਤੀਨਿਧੀ ਡਾਇਨ ਡੇਵੌਨ ਨੇ ਰਾਇਟਰਜ਼ ਨੂੰ ਦੱਸਿਆ ਕਿ BAPS ਦੇ ਵਫ਼ਦ ਦੇ ਆਉਣ ਸਮੇਂ ਕੁਝ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀ ਵਾਲੀਆਂ ਥਾਵਾਂ ਤੋਂ ਹਟਣ ਲਈ ਕਿਹਾ ਗਿਆ ਸੀ। ਉਨ੍ਹਾਂ ਦੀ ਥਾਂ ਪੁਰਸ਼ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ।
ਯੂਨੀਅਨ ਮੁਤਾਬਕ ਇਸ ਘਟਨਾ ਕਾਰਨ ਮਹਿਲਾ ਕਰਮਚਾਰੀਆਂ ਵਿੱਚ ਕਾਫ਼ੀ ਨਾਰਾਜ਼ਗੀ ਪੈਦਾ ਹੋਈ ਅਤੇ ਉਨ੍ਹਾਂ ਨੇ ਇਸਨੂੰ ਅਪਮਾਨਜਨਕ ਮਹਿਸੂਸ ਕੀਤਾ। ਇਸ ਤੋਂ ਬਾਅਦ ਸੋਮਵਾਰ ਨੂੰ ਕਰਮਚਾਰੀਆਂ ਦੀ ਮੀਟਿੰਗ ਹੋਈ ਅਤੇ ਪ੍ਰਬੰਧਨ ਨਾਲ ਇਸ ਮੁੱਦੇ ‘ਤੇ ਗੱਲਬਾਤ ਕੀਤੀ ਗਈ।
ਪ੍ਰਬੰਧਨ ਨੇ ਮੰਨੀ ਗਲਤੀ
ਆਈਫਲ ਟਾਵਰ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ SETE ਨੇ ਮੰਨਿਆ ਕਿ ਮਹਿਲਾ ਕਰਮਚਾਰੀਆਂ ਨੂੰ ਹਟਾਉਣ ਨਾਲ ਸਬੰਧਤ ਅਜਿਹੀ ਬੇਨਤੀ ਨੂੰ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਸੀ।
SETE ਨੇ AFP ਨੂੰ ਦੱਸਿਆ ਕਿ BAPS ਵੱਲੋਂ ਅਜਿਹੇ ਪ੍ਰਬੰਧ ਦੀ ਬੇਨਤੀ ਕੀਤੀ ਗਈ ਸੀ, ਜਿਸ ਤਹਿਤ ਮਹਿਲਾ ਕਰਮਚਾਰੀਆਂ ਨਾਲ ਸੰਪਰਕ ਜਾਂ ਗੱਲਬਾਤ ਘੱਟ ਤੋਂ ਘੱਟ ਹੋਵੇ। ਕੰਪਨੀ ਨੇ ਕਿਹਾ ਕਿ ਇਹ ਉਸ ਦੀਆਂ ਅੰਦਰੂਨੀ ਨੀਤੀਆਂ ਅਤੇ ਲਿੰਗ ਸਮਾਨਤਾ ਦੇ ਸਿਧਾਂਤਾਂ ਦੇ ਅਨੁਕੂਲ ਨਹੀਂ ਸੀ।
SETE ਦੇ ਪ੍ਰਧਾਨ ਏਰੀਅਲ ਵੇਲ ਨੇ ਇਸ ਮਾਮਲੇ ਨੂੰ “ਪੂਰੀ ਤਰ੍ਹਾਂ ਗਲਤ” ਕਰਾਰ ਦਿੰਦਿਆਂ ਕਿਹਾ ਕਿ ਆਈਫਲ ਟਾਵਰ ਲਿੰਗ ਸਮਾਨਤਾ ਅਤੇ ਫਰਾਂਸੀਸੀ ਕਾਨੂੰਨਾਂ ਦਾ ਸਤਿਕਾਰ ਕਰਦਾ ਹੈ।
BAPS ਨੇ ਮੰਗੀ ਮੁਆਫ਼ੀ
BAPS ਨੇ ਵੀ ਇਸ ਘਟਨਾ ‘ਤੇ ਮੁਆਫ਼ੀ ਮੰਗੀ ਹੈ। ਸੰਗਠਨ ਨੇ ਕਿਹਾ ਕਿ ਕਰੀਬ 100 ਲੋਕਾਂ ਲਈ ਦੌਰੇ ਦਾ ਪ੍ਰਬੰਧ ਆਈਫਲ ਟਾਵਰ ਦੀ ਟੀਮ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਸੀ। BAPS ਮੁਤਾਬਕ ਦੌਰੇ ਦਾ ਸਮਾਂ ਇਸ ਤਰ੍ਹਾਂ ਤੈਅ ਕੀਤਾ ਗਿਆ ਸੀ ਕਿ ਹੋਰ ਸੈਲਾਨੀਆਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ।
ਸੰਗਠਨ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਟਾਵਰ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਿਆ ਗਿਆ। ਹਾਲਾਂਕਿ, ਜੇਕਰ ਇਸ ਪ੍ਰਬੰਧ ਕਾਰਨ ਕਿਸੇ ਨੂੰ ਪਰੇਸ਼ਾਨੀ ਜਾਂ ਅਸਹਿਜਤਾ ਮਹਿਸੂਸ ਹੋਈ ਹੈ ਤਾਂ ਇਸ ਲਈ ਉਹ ਮੁਆਫ਼ੀ ਮੰਗਦਾ ਹੈ।
BAPS ਆਪਣੇ ਆਪ ਨੂੰ ਇੱਕ ਹਿੰਦੂ ਅਧਿਆਤਮਿਕ ਅਤੇ ਸਵੈ-ਇੱਛਤ ਸੰਗਠਨ ਵਜੋਂ ਦਰਸਾਉਂਦਾ ਹੈ। ਸੰਗਠਨ ਦੇ ਲੰਡਨ, ਲਾਸ ਏਂਜਲਸ ਅਤੇ ਸਿਡਨੀ ਸਮੇਤ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਮੰਦਰ ਹਨ।
ਇਸੇ ਦੌਰਾਨ ਐਤਵਾਰ ਨੂੰ ਪੈਰਿਸ ਵਿੱਚ ਫਰਾਂਸ ਦੇ ਪਹਿਲੇ ਵੱਡੇ BAPS ਮੰਦਰ ਦਾ ਉਦਘਾਟਨ ਵੀ ਕੀਤਾ ਗਿਆ ਸੀ।
