2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਪਾਰਟੀ ਵੱਲੋਂ 18 ਤੋਂ 30 ਸਤੰਬਰ ਤੱਕ ਪੰਜਾਬ ਭਰ ਵਿੱਚ 12 ਦਿਨਾਂ ਦੀ ਯਾਤਰਾ ਕੱਢੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਇਸ ਯਾਤਰਾ ਦੇ ਮੁੱਖ ਆਕਰਸ਼ਣ ਹੋਣਗੇ।
ਭਾਜਪਾ ਦੀ ਇਹ ਯਾਤਰਾ 18 ਸਤੰਬਰ ਨੂੰ ਪੰਜਾਬ ਦੀਆਂ ਚਾਰ ਵੱਖ-ਵੱਖ ਥਾਵਾਂ ਤੋਂ ਇੱਕੋ ਸਮੇਂ ਸ਼ੁਰੂ ਕੀਤੀ ਜਾਵੇਗੀ। ਯਾਤਰਾ ਦਾ ਅੰਤਿਮ ਸਮਾਗਮ ਜਲੰਧਰ ਦੇ ਇੱਕ ਮੰਦਰ ਵਿੱਚ ਹੋਣ ਦੀ ਯੋਜਨਾ ਹੈ।
ਪਾਰਟੀ ਆਗੂਆਂ ਮੁਤਾਬਕ ਯਾਤਰਾ ਲਈ ਚਾਰ ਸ਼ੁਰੂਆਤੀ ਸਥਾਨਾਂ ਦੀ ਚੋਣ ਧਾਰਮਿਕ ਭਾਵਨਾਵਾਂ, ਫ਼ੌਜੀ ਬਹਾਦਰੀ ਅਤੇ ਭਾਜਪਾ ਦੀ ਵਿਚਾਰਧਾਰਕ ਵਿਰਾਸਤ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।
ਇਨ੍ਹਾਂ ਵਿੱਚੋਂ ਇੱਕ ਯਾਤਰਾ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗੀ। ਇੱਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਸਥਿਤ ਹੈ, ਜੋ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਦੂਜੀ ਯਾਤਰਾ ਫ਼ਤਹਿਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਜਾਵੇਗੀ, ਜੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜਿਆ ਮਹੱਤਵਪੂਰਨ ਇਤਿਹਾਸਕ ਸਥਾਨ ਹੈ।
ਤੀਜਾ ਰੂਟ ਫ਼ਾਜ਼ਿਲਕਾ ਦੀ ਵੀਰ ਭੂਮੀ ਯਾਦਗਾਰ ਤੋਂ ਸ਼ੁਰੂ ਹੋਵੇਗਾ। ਇਹ ਸਥਾਨ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਹੋਈ ਭਿਆਨਕ ਹੱਥੋ-ਹੱਥ ਲੜਾਈ ਨਾਲ ਸਬੰਧਤ ਹੈ। ਇਸੇ ਤਰ੍ਹਾਂ ਚੌਥੀ ਯਾਤਰਾ ਪਠਾਨਕੋਟ ਨੇੜੇ ਜੰਮੂ-ਕਸ਼ਮੀਰ ਸਰਹੱਦ ‘ਤੇ ਸਥਿਤ ਲਖਨਪੁਰ ਤੋਂ ਸ਼ੁਰੂ ਹੋਵੇਗੀ। ਲਖਨਪੁਰ ਦਾ ਸਬੰਧ ਜਨ ਸੰਘ ਦੇ ਬਾਨੀ ਸ਼ਿਆਮਾ ਪ੍ਰਸਾਦ ਮੁਖਰਜੀ ਨਾਲ ਹੈ, ਜਿਨ੍ਹਾਂ ਨੂੰ 1953 ਵਿੱਚ ਬਿਨਾਂ ਪਰਮਿਟ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਯਾਤਰਾ ਦੇ ਨਾਮ ਨੂੰ 13 ਸਤੰਬਰ ਨੂੰ ਹੋਣ ਵਾਲੀ ਭਾਜਪਾ ਦੀ ਕੋਰ ਕਮੇਟੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਇਸ ਯਾਤਰਾ ਨੂੰ 2027 ਦੀਆਂ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜਨ ਦੀ ਭਾਜਪਾ ਦੀ ਰਣਨੀਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਭਾਜਪਾ ਦੀ ਸੂਬਾ ਇਕਾਈ ਦੇ ਆਗੂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ।
ਉੱਧਰ, ਯਾਤਰਾ ਦੇ ਅੰਤਿਮ ਪ੍ਰੋਗਰਾਮ ਨੂੰ ਲੈ ਕੇ ਅਜੇ ਤਿਆਰੀਆਂ ਜਾਰੀ ਹਨ। ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ ਸੂਬਾ ਪਾਰਟੀ ਪ੍ਰਧਾਨ ਕੇਵਲ ਢਿੱਲੋਂ ਅਤੇ ਸੰਗਠਨ ਸਕੱਤਰ ਮੰਤਰੀ ਸ੍ਰੀਨਿਵਾਸੁਲ ਨਾਲ ਲਗਾਤਾਰ ਮੀਟਿੰਗਾਂ ਕਰ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਯਾਤਰਾ ਦੇ ਰੂਟ, ਸਥਾਨਕ ਪ੍ਰਬੰਧਾਂ ਅਤੇ ਹਰੇਕ ਸਟਾਪ ‘ਤੇ ਪਾਰਟੀ ਆਗੂਆਂ ਦੀ ਸਮਾਂ-ਸਾਰਣੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
