ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਪੂਰੇ ਪਰਿਸਰ ਨੂੰ ਕਰੀਬ 60 ਟਨ ਰੰਗ-ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਵੱਡੀ ਗਿਣਤੀ ਵਿੱਚ ਸੰਗਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਪੁਰਾਤਨ ਪਰੰਪਰਾ ਅਨੁਸਾਰ ਅੱਜ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਵੇਗਾ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰੀ ਭਰਨਗੀਆਂ।
ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਵਿਸ਼ੇਸ਼ ਜਲੌ ਸਜਾਏ ਜਾਣਗੇ। ਰਾਤ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ਼ਬਦ-ਵਿਚਾਰ ਅਤੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ।
ਸ਼ਾਮ ਵੇਲੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਰਾਹੀਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਆਂ ਜਾਣਗੀਆਂ, ਜਿਸ ਨਾਲ ਪੂਰਾ ਸ੍ਰੀ ਦਰਬਾਰ ਸਾਹਿਬ ਪਰਿਸਰ ਰੌਸ਼ਨੀ ਨਾਲ ਜਗਮਗਾ ਉੱਠੇਗਾ।
