ਬਰਿਕਸ (BRICS) ਸੰਮੇਲਨ ਨਾਲ ਜੁੜੀਆਂ ਮੀਡੀਆ ਬ੍ਰੀਫਿੰਗਾਂ ਅਤੇ ਅਹਿਮ ਬੈਠਕਾਂ ਦੌਰਾਨ ਚਿੱਟੀ ਦਸਤਾਰ ਵਿੱਚ ਨਜ਼ਰ ਆ ਰਿਹਾ ਇੱਕ ਪੰਜਾਬੀ ਨੌਜਵਾਨ ਇਨ੍ਹੀਂ ਦਿਨੀਂ ਖਾਸ ਚਰਚਾ ਵਿੱਚ ਹੈ। ਇਹ ਨੌਜਵਾਨ ਅੰਗਦ ਸਿੰਘ ਬਰਾਰ ਹਨ, ਜੋ ਪੰਜਾਬ ਪੁਲੀਸ ਦੇ ਅਧਿਕਾਰੀ ਰਵਚਰਨ ਸਿੰਘ ਬਰਾਰ ਦੇ ਪੁੱਤਰ ਹਨ। ਰਵਚਰਨ ਸਿੰਘ ਬਰਾਰ ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕਾਦਮੀ, ਫਿਲੌਰ ਵਿੱਚ ਸਲਾਹਕਾਰ (ਸਿਖਲਾਈ) ਵਜੋਂ ਸੇਵਾਵਾਂ ਨਿਭਾ ਰਹੇ ਹਨ। ਬਰਾਰ ਪਰਿਵਾਰ ਦਾ ਸਬੰਧ ਮੂਲ ਰੂਪ ਵਿੱਚ ਪਟਿਆਲਾ ਨਾਲ ਦੱਸਿਆ ਜਾਂਦਾ ਹੈ।
ਅੰਗਦ ਬਰਾਰ ਜੁਲਾਈ 2025 ਤੋਂ ਵਿਦੇਸ਼ ਮੰਤਰਾਲੇ ਦੇ Multilateral Economic Relations Division ਵਿੱਚ ਸਲਾਹਕਾਰ ਵਜੋਂ ਕੰਮ ਕਰ ਰਹੇ ਹਨ। ਭਾਰਤ ਦੀ 2026 ਦੀ ਬਰਿਕਸ ਪ੍ਰਧਾਨਗੀ ਦੀਆਂ ਤਿਆਰੀਆਂ ਅਤੇ ਪ੍ਰਬੰਧਨ ਲਈ ਬਣਾਈ ਗਈ ਰਾਜਨੀਤਿਕ ਟੀਮ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਲਈ ਭਾਸ਼ਣ ਅਤੇ ਮੁੱਖ ਨੁਕਤੇ ਤਿਆਰ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ G7 ਅਤੇ IMF-World Bank ਦੀਆਂ ਸਾਲਾਨਾ ਬੈਠਕਾਂ ਨਾਲ ਸਬੰਧਤ ਕੰਮ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਹਿੱਸਾ ਹੈ।
ਕੈਂਬਰਿਜ ’ਚ ਡਿਗਰੀ ਲੈਂਦੇ ਸਮੇਂ ਵੀ ਆਇਆ ਸੀ ਚਰਚਾ ’ਚ
ਅੰਗਦ ਬਰਾਰ ਦੀ ਇੱਕ ਤਸਵੀਰ ਕੈਂਬਰਿਜ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਨਾਲ ਵੀ ਜੁੜੀ ਹੋਈ ਹੈ। ਇਸ ਤਸਵੀਰ ਵਿੱਚ ਉਹ ਯੂਨੀਵਰਸਿਟੀ ਦੇ ਚਾਂਸਲਰ ਅੱਗੇ ਝੁਕਣ ਦੀ ਬਜਾਏ ਸਿੱਧੇ ਖੜ੍ਹੇ ਹੋ ਕੇ ਡਿਗਰੀ ਪ੍ਰਾਪਤ ਕਰਦੇ ਨਜ਼ਰ ਆਉਂਦੇ ਹਨ।
ਉਨ੍ਹਾਂ ਦੇ ਪਿਤਾ ਰਵਚਰਨ ਸਿੰਘ ਬਰਾਰ ਮੁਤਾਬਕ, ਕੈਂਬਰਿਜ ਵਿੱਚ ਡਿਗਰੀ ਲੈਣ ਸਮੇਂ ਚਾਂਸਲਰ ਅੱਗੇ ਝੁਕਣ ਦੀ ਰਵਾਇਤ ਸੀ, ਪਰ ਅੰਗਦ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਪਿਤਾ ਅਨੁਸਾਰ, ਇਸ ਪਿੱਛੇ ਮਕਸਦ ਇਹ ਸੰਦੇਸ਼ ਦੇਣਾ ਸੀ ਕਿ ਭਾਰਤ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਕਿਸੇ ਅੱਗੇ ਨਹੀਂ ਝੁਕਦਾ।
ਵਿਦੇਸ਼ ਮੰਤਰਾਲੇ ਤੋਂ ਪਹਿਲਾਂ ਵੀ ਰਹੀ ਅਹਿਮ ਭੂਮਿਕਾ
ਵਿਦੇਸ਼ ਮੰਤਰਾਲੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਅੰਗਦ ਬਰਾਰ ਨੇ ਚਿੰਤਨ ਰਿਸਰਚ ਫਾਊਂਡੇਸ਼ਨ ਵਿੱਚ ਖੋਜ ਸਲਾਹਕਾਰ ਅਤੇ Observer Research Foundation (ORF) ਵਿੱਚ ਖੋਜ ਸਹਾਇਕ ਵਜੋਂ ਕੰਮ ਕੀਤਾ। ORF ਨਾਲ ਜੁੜੇ ਰਹਿੰਦਿਆਂ ਉਨ੍ਹਾਂ ਨੇ ਰਾਇਸੀਨਾ ਡਾਇਲੌਗ ਦੌਰਾਨ 33 ਤੋਂ ਵੱਧ ਦੇਸ਼ਾਂ ਦੇ ਕੂਟਨੀਤਕਾਂ ਦੀ ਸ਼ਮੂਲੀਅਤ ਵਾਲੇ ਕਈ ਕੌਮਾਂਤਰੀ ਪ੍ਰੋਗਰਾਮਾਂ ਦੇ ਸੰਚਾਲਨ ਵਿੱਚ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ ਅੰਗਦ ਬਰਾਰ ਵੱਖ-ਵੱਖ ਕੌਮਾਂਤਰੀ ਮੰਚਾਂ ਲਈ ਖੋਜ ਪੱਤਰ ਅਤੇ ਵਿਸ਼ਲੇਸ਼ਣਾਤਮਕ ਲੇਖ ਵੀ ਲਿਖ ਚੁੱਕੇ ਹਨ। ਇਨ੍ਹਾਂ ਵਿੱਚ Council on Foreign Relations ਸਮੇਤ ਕਈ ਗਲੋਬਲ ਪਲੇਟਫਾਰਮ ਸ਼ਾਮਲ ਹਨ।
ਪੜ੍ਹਾਈ ’ਚ ਵੀ ਰਹੇ ਅੱਵਲ
ਅੰਗਦ ਬਰਾਰ ਦਾ ਵਿਦਿਅਕ ਰਿਕਾਰਡ ਵੀ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ। ਉਹ ਕੈਂਬਰਿਜ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ, ਜਿੱਥੋਂ ਉਨ੍ਹਾਂ ਨੇ 2023 ਵਿੱਚ ਰਾਜਨੀਤੀ ਅਤੇ ਕੌਮਾਂਤਰੀ ਅਧਿਐਨ ਵਿੱਚ MPhil ਦੀ ਡਿਗਰੀ ਪਹਿਲੇ ਦਰਜੇ ਨਾਲ ਹਾਸਲ ਕੀਤੀ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ Sociology ਵਿੱਚ MA ਅਤੇ BA Honours ਦੀ ਪੜ੍ਹਾਈ ਕੀਤੀ। ਦੋਵਾਂ ਵਿੱਚ ਪਹਿਲਾ ਸਥਾਨ ਹਾਸਲ ਕਰਨ ’ਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਗੋਲਡ ਮੈਡਲ ਵੀ ਮਿਲੇ।
