ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਦੀ ਦਸਤਾਰ ਨੂੰ ‘ਨਕਲੀ’ ਕਹਿਣ ਵਾਲੀ ਟਿੱਪਣੀ ’ਤੇ ਤਿੱਖਾ ਪਲਟਵਾਰ ਕੀਤਾ ਹੈ। ਸੋਮਵਾਰ ਰਾਤ ਜਾਰੀ ਕੀਤੇ ਬਿਆਨ ਵਿੱਚ ਸੈਣੀ ਨੇ ਮਾਨ ਦੀ ਇਸ ਟਿੱਪਣੀ ਨੂੰ ਮੰਦਭਾਗਾ ਦੱਸਦਿਆਂ ਆਪਣਾ ਸਖ਼ਤ ਇਤਰਾਜ਼ ਜਤਾਇਆ।
ਮੀਡੀਆ ਨਾਲ ਗੱਲਬਾਤ ਦੌਰਾਨ ਸੈਣੀ ਨੇ ਕਿਹਾ ਕਿ ਸਿੱਖਾਂ ਲਈ ਦਸਤਾਰ ਸਿਰਫ਼ ਪਹਿਰਾਵਾ ਨਹੀਂ, ਸਗੋਂ ਗੁਰੂ ਸਾਹਿਬਾਨ ਪ੍ਰਤੀ ਸਤਿਕਾਰ, ਸ਼ਰਧਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਸਤਾਰ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗਈ ਪਵਿੱਤਰ ਪਰੰਪਰਾ ਹੈ ਅਤੇ ਉਹ ਵੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਦੱਸੇ ਮਾਰਗ ’ਤੇ ਚੱਲਦਿਆਂ ਆਪਣੀ ਸਰਕਾਰ ਚਲਾਉਣ ਵਿੱਚ ਵਿਸ਼ਵਾਸ ਰੱਖਦੇ ਹਨ।
ਸੈਣੀ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਨੇ ਉਨ੍ਹਾਂ ਦੀ ਦਸਤਾਰ ਨੂੰ ‘ਨਕਲੀ’ ਕਿਹਾ ਹੈ ਤਾਂ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਕੇ ਮਾਨ ਨੇ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ।
ਹਰਿਆਣਾ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਵਿਚਾਰਾਂ ਦਾ ਵਿਰੋਧ ਹੋ ਸਕਦਾ ਹੈ, ਪਰ ਧਾਰਮਿਕ ਭਾਵਨਾਵਾਂ ਨਾਲ ਜੁੜੇ ਮਾਮਲਿਆਂ ਵਿੱਚ ਸ਼ਬਦਾਂ ਦੀ ਚੋਣ ਬਹੁਤ ਸੰਭਲ ਕੇ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਭਗਵੰਤ ਮਾਨ ਤੋਂ ਗੁਰੂ ਸਾਹਿਬਾਨ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਸੈਣੀ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਮਹਾਨ ਸ਼ਹਾਦਤਾਂ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਅੱਜ ਲੋਕ ਆਪਣੇ-ਆਪਣੇ ਮੁਕਾਮ ’ਤੇ ਪਹੁੰਚੇ ਹਨ।
