ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਖੁਦ ਚਲਾਉਂਦੇ ਨਜ਼ਰ ਆਏ ਕਾਰ

You are currently viewing ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਪਰਗਟ ਸਿੰਘ, ਸ੍ਰੀ ਦਰਬਾਰ ਸਾਹਿਬ ਟੇਕਣਗੇ ਮੱਥਾ; ਸਚਿਨ ਪਾਇਲਟ ਖੁਦ ਚਲਾਉਂਦੇ ਨਜ਼ਰ ਆਏ ਕਾਰ
ਪਰਗਟ ਸਿੰਘ ਪੁੱਜੇ ਪੰਜਾਬ

Punjab News: ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਪਰਗਟ ਸਿੰਘ ਵੀਰਵਾਰ ਨੂੰ ਪਹਿਲੀ ਵਾਰ ਪੰਜਾਬ ਪਹੁੰਚੇ। 3 ਅਕਤੂਬਰ ਨੂੰ ਕਾਂਗਰਸ ਹਾਈਕਮਾਨ ਨੇ ਰਾਜਾ ਵੜਿੰਗ ਦੀ ਥਾਂ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਸੀ।

ਪਰਗਟ ਸਿੰਘ ਸਵੇਰੇ ਕਰੀਬ 9 ਵਜੇ ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨਾਲ ਦਿੱਲੀ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਕਾਂਗਰਸੀ ਆਗੂ ਅਤੇ ਵਰਕਰ ਪਹਿਲਾਂ ਹੀ ਹਵਾਈ ਅੱਡੇ ‘ਤੇ ਮੌਜੂਦ ਸਨ। ਢੋਲ ਦੀ ਥਾਪ ਨਾਲ ਪਰਗਟ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

ਹਵਾਈ ਅੱਡੇ ਤੋਂ ਪਰਗਟ ਸਿੰਘ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਰਵਾਨਾ ਹੋਏ। ਇਸ ਦੌਰਾਨ ਸਚਿਨ ਪਾਇਲਟ ਖੁਦ ਕਾਰ ਚਲਾਉਂਦੇ ਹੋਏ ਨਜ਼ਰ ਆਏ। ਪਰਗਟ ਸਿੰਘ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸਥਾਨਾਂ ‘ਤੇ ਵੀ ਮੱਥਾ ਟੇਕਣ ਦਾ ਪ੍ਰੋਗਰਾਮ ਹੈ।

ਇਸ ਤੋਂ ਬਾਅਦ ਪਰਗਟ ਸਿੰਘ ਦੇ ਮੋਹਾਲੀ ਪਹੁੰਚ ਕੇ ਕਾਂਗਰਸ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦਾ ਅਗਲੇ ਦਿਨ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੂਰਨੀ ਦੇ ਦਰਬਾਰ ਵਿੱਚ ਮੱਥਾ ਟੇਕਣ ਦਾ ਵੀ ਪ੍ਰੋਗਰਾਮ ਦੱਸਿਆ ਗਿਆ ਹੈ। ਸਚਿਨ ਪਾਇਲਟ ਦੀ ਪੰਜਾਬ ਫੇਰੀ ਨਾਲ ਜੁੜਿਆ ਅਗਲਾ ਸ਼ਡਿਊਲ ਬਾਅਦ ਵਿੱਚ ਜਾਰੀ ਕੀਤਾ ਜਾਵੇਗਾ।

ਪੰਜਾਬ ਆਉਣ ਤੋਂ ਪਹਿਲਾਂ ਪਰਗਟ ਸਿੰਘ ਨੇ ਦਿੱਲੀ ਵਿੱਚ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨਾਲ ਮੁਲਾਕਾਤ ਵੀ ਕੀਤੀ। ਇਸ ਮੁਲਾਕਾਤ ਤੋਂ ਬਾਅਦ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਆਗੂਆਂ ਦੇ ਆਪਣੇ-ਆਪਣੇ ਵਿਚਾਰ ਹੋਣਾ ਲੋਕਤੰਤਰ ਦਾ ਹਿੱਸਾ ਹੈ, ਪਰ 2027 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਇਕੱਠੇ ਹੋ ਕੇ ਲੜੇਗੀ।

ਦੱਸ ਦਈਏ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਤੋਂ ਬਾਅਦ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪ ਦਿੱਤੀ।

ਪ੍ਰਧਾਨਗੀ ਦੀ ਦੌੜ ਵਿੱਚ ਗੁਰਜੀਤ ਸਿੰਘ ਔਜਲਾ ਅਤੇ ਵਿਜੇਇੰਦਰ ਸਿੰਗਲਾ ਦੇ ਨਾਮ ਵੀ ਚਰਚਾ ਵਿੱਚ ਸਨ, ਪਰ ਆਖਰਕਾਰ ਹਾਈਕਮਾਨ ਨੇ ਪਰਗਟ ਸਿੰਘ ‘ਤੇ ਭਰੋਸਾ ਜਤਾਇਆ। ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਨੂੰ ਇਕਜੁੱਟ ਰੱਖਣ ਦੀ ਵੱਡੀ ਜ਼ਿੰਮੇਵਾਰੀ ਪਰਗਟ ਸਿੰਘ ਦੇ ਮੋਢਿਆਂ ‘ਤੇ ਹੈ।

Leave a Reply