ਜੇ ਤੁਹਾਡੇ ਕੋਲ ਦੋ iPhone ਹਨ ਅਤੇ ਤੁਸੀਂ ਦੋਵਾਂ ‘ਤੇ ਇੱਕੋ ਮੋਬਾਈਲ ਨੰਬਰ ਵਰਤਣਾ ਚਾਹੁੰਦੇ ਹੋ, ਤਾਂ Apple ਤੁਹਾਡੇ ਲਈ ਇੱਕ ਖਾਸ ਫੀਚਰ ਲੈ ਕੇ ਆਇਆ ਹੈ। iOS 27 ਵਿੱਚ ਸ਼ਾਮਲ ਕੀਤਾ ਗਿਆ iPhone Handoff ਫੀਚਰ ਯੂਜ਼ਰਾਂ ਨੂੰ ਇੱਕੋ ਮੋਬਾਈਲ ਨੰਬਰ ਦੋ iPhone ਡਿਵਾਈਸਾਂ ‘ਤੇ ਵਰਤਣ ਦੀ ਸੁਵਿਧਾ ਦਿੰਦਾ ਹੈ। ਇਸ ਨਾਲ ਵਾਰ-ਵਾਰ SIM ਜਾਂ eSIM ਬਦਲਣ ਦੀ ਲੋੜ ਨਹੀਂ ਪੈਂਦੀ ਅਤੇ ਇੱਕੋ ਨੰਬਰ ਤੋਂ ਕਾਲਾਂ ਤੇ ਮੈਸੇਜ ਦੋਵਾਂ ਫੋਨਾਂ ‘ਤੇ ਕੀਤੇ ਜਾ ਸਕਦੇ ਹਨ।
ਕੀ ਹੈ iPhone Handoff ਫੀਚਰ?
iPhone Handoff ਇੱਕ ਅਜਿਹਾ ਫੀਚਰ ਹੈ ਜੋ ਦੋ iPhone ਨੂੰ ਇੱਕੋ ਮੋਬਾਈਲ ਨੰਬਰ ਨਾਲ ਜੋੜਨ ਦੀ ਇਜਾਜ਼ਤ ਦਿੰਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਇੱਕੋ ਨੰਬਰ ਤੋਂ ਕਾਲ ਕਰ ਸਕਦੇ ਹਨ, ਕਾਲਾਂ ਪ੍ਰਾਪਤ ਕਰ ਸਕਦੇ ਹਨ ਅਤੇ ਮੈਸੇਜ ਭੇਜ ਜਾਂ ਪ੍ਰਾਪਤ ਕਰ ਸਕਦੇ ਹਨ।
Apple ਨੇ ਇਹ ਫੀਚਰ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਹੈ ਜੋ ਦੋ iPhone ਵਰਤਦੇ ਹਨ ਅਤੇ ਅਕਸਰ ਇੱਕ ਡਿਵਾਈਸ ਤੋਂ ਦੂਜੇ ‘ਤੇ ਸਵਿੱਚ ਕਰਦੇ ਰਹਿੰਦੇ ਹਨ। ਫੀਚਰ ਐਕਟਿਵ ਹੋਣ ਤੋਂ ਬਾਅਦ ਜਿਸ iPhone ਨੂੰ ਵਰਤਣਾ ਹੋਵੇ, ਸਿਰਫ਼ ਉਸਨੂੰ ਅਨਲੌਕ ਕਰਨਾ ਹੁੰਦਾ ਹੈ ਅਤੇ ਉਹ ਆਪਣੇ ਆਪ ਐਕਟਿਵ ਹੋ ਜਾਂਦਾ ਹੈ।
ਕਿਵੇਂ ਕੰਮ ਕਰਦਾ ਹੈ ਇਹ ਫੀਚਰ?
iPhone Handoff ਦੀ ਵਰਤੋਂ ਕਰਨ ਲਈ ਦੋਵੇਂ iPhone ਵਿੱਚ iOS 27 ਜਾਂ ਇਸ ਤੋਂ ਨਵਾਂ ਵਰਜਨ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਦੋਵੇਂ ਫੋਨ ਇੱਕੋ Wi-Fi ਨੈੱਟਵਰਕ ਨਾਲ ਜੁੜੇ ਹੋਣੇ ਚਾਹੀਦੇ ਹਨ ਅਤੇ iCloud, FaceTime ਤੇ iMessage ਲਈ ਇੱਕੋ Apple Account ਨਾਲ ਸਾਈਨ ਇਨ ਹੋਣਾ ਜ਼ਰੂਰੀ ਹੈ।
ਸੈੱਟਅੱਪ ਦੌਰਾਨ ਇੱਕ iPhone ਨੂੰ Primary ਅਤੇ ਦੂਜੇ ਨੂੰ Secondary ਡਿਵਾਈਸ ਵਜੋਂ ਚੁਣਿਆ ਜਾਂਦਾ ਹੈ। Primary iPhone ਵਿੱਚ ਮੁੱਖ eSIM ਅਤੇ ਕੈਰੀਅਰ ਸੈਟਿੰਗਾਂ ਰਹਿੰਦੀਆਂ ਹਨ। ਕੁਝ ਨੈੱਟਵਰਕ ਕੰਪਨੀਆਂ ਦੇ ਸਹਿਯੋਗ ਨਾਲ ਦੋਵੇਂ ਫੋਨ ਆਪਣੀ-ਆਪਣੀ eSIM ਵੀ ਵਰਤ ਸਕਦੇ ਹਨ।
iPhone Handoff ਨੂੰ ਕਿਵੇਂ ਸੈੱਟਅੱਪ ਕਰੀਏ?
ਇਸ ਫੀਚਰ ਨੂੰ ਚਾਲੂ ਕਰਨ ਲਈ ਦੋਵੇਂ iPhone ਨੇੜੇ ਰੱਖੋ ਅਤੇ ਕਿਸੇ ਇੱਕ ਫੋਨ ਨੂੰ ਅਨਲੌਕ ਕਰੋ। ਇਸ ਤੋਂ ਬਾਅਦ:
Settings > Cellular > Set Up Cellular/Add eSIM > iPhone Handoff
ਵਿਕਲਪ ‘ਤੇ ਜਾਓ। ਫਿਰ “Use Number on This iPhone and Another” ‘ਤੇ ਟੈਪ ਕਰਕੇ ਸਕ੍ਰੀਨ ‘ਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਸੈੱਟਅੱਪ ਪੂਰਾ ਹੋਣ ਤੋਂ ਬਾਅਦ ਇੱਕ ਫੋਨ ਨੂੰ Primary iPhone ਵਜੋਂ ਚੁਣਿਆ ਜਾ ਸਕਦਾ ਹੈ। ਫੀਚਰ ਐਕਟਿਵ ਹੋਣ ‘ਤੇ Dynamic Island ਦੇ ਨੇੜੇ ਇੱਕ ਛੋਟਾ ਨੋਟੀਫਿਕੇਸ਼ਨ ਵੀ ਦਿਖਾਈ ਦਿੰਦਾ ਹੈ।
ਫਿਲਹਾਲ ਕਿਹੜੇ ਨੈੱਟਵਰਕ ਇਸਨੂੰ ਸਪੋਰਟ ਕਰਦੇ ਹਨ?
ਇਹ ਫੀਚਰ ਸਿਰਫ਼ iPhone ਵਿੱਚ ਹੋਣ ਨਾਲ ਨਹੀਂ ਚੱਲੇਗਾ, ਸਗੋਂ ਮੋਬਾਈਲ ਕੈਰੀਅਰ ਦਾ ਸਹਿਯੋਗ ਵੀ ਲਾਜ਼ਮੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵੇਲੇ ਅਮਰੀਕਾ ਵਿੱਚ T-Mobile ਅਤੇ ਜਰਮਨੀ ਵਿੱਚ Telekom ਨੇ ਇਸ ਫੀਚਰ ਨੂੰ ਸਪੋਰਟ ਕਰਨ ਦੀ ਪੁਸ਼ਟੀ ਕੀਤੀ ਹੈ।
ਅਮਰੀਕਾ ਵਿੱਚ T-Mobile ਇਸ ਸੇਵਾ ਲਈ ਵਾਧੂ ਫੀਸ ਵੀ ਲੈ ਰਿਹਾ ਹੈ। ਭਾਰਤ ਵਿੱਚ ਇਹ ਫੀਚਰ ਕਦੋਂ ਅਤੇ ਕਿਹੜੇ ਨੈੱਟਵਰਕ ‘ਤੇ ਉਪਲਬਧ ਹੋਵੇਗਾ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਕਿਨ੍ਹਾਂ ਲਈ ਫਾਇਦੇਮੰਦ ਹੈ ਇਹ ਫੀਚਰ?
ਦੋ iPhone ਰੱਖਣ ਵਾਲੇ ਯੂਜ਼ਰਾਂ ਲਈ ਇਹ ਫੀਚਰ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ। ਉਦਾਹਰਨ ਲਈ, ਜੇ ਕੋਈ ਵਿਅਕਤੀ ਨਵਾਂ iPhone ਖਰੀਦ ਲੈਂਦਾ ਹੈ ਤਾਂ ਉਹ ਪੁਰਾਣੇ iPhone ਨੂੰ ਵੀ ਉਸੇ ਨੰਬਰ ਨਾਲ ਵਰਤ ਸਕਦਾ ਹੈ। ਇਸੇ ਤਰ੍ਹਾਂ ਦਫ਼ਤਰੀ ਅਤੇ ਨਿੱਜੀ ਵਰਤੋਂ ਲਈ ਵੱਖ-ਵੱਖ iPhone ਰੱਖਣ ਵਾਲੇ ਲੋਕ ਵੀ ਇੱਕੋ ਨੰਬਰ ਦੋਵੇਂ ਡਿਵਾਈਸਾਂ ‘ਤੇ ਚਲਾ ਸਕਣਗੇ।
ਹਾਲਾਂਕਿ, ਇਸ ਦੀਆਂ ਕੁਝ ਸੀਮਾਵਾਂ ਵੀ ਹਨ। ਉਦਾਹਰਨ ਵਜੋਂ Apple Watch ਆਪਣੇ ਆਪ ਦੂਜੇ iPhone ਨਾਲ ਕਨੈਕਟ ਨਹੀਂ ਹੁੰਦੀ ਅਤੇ Wallet ਵਿੱਚ ਮੌਜੂਦ ਕੁਝ ID ਜਾਂ ਪਾਸ ਦੋਵੇਂ ਡਿਵਾਈਸਾਂ ‘ਤੇ ਉਪਲਬਧ ਨਹੀਂ ਹੋ ਸਕਦੇ।
