ਮੈਡ ਸੰਧੂ ਕਤਲ ਮਾਮਲੇ ‘ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਗੁਜਰਾਤ ‘ਚ ਲੁਕਿਆ ਬੈਠਾ ਸੀ ਦੋਸ਼ੀ

You are currently viewing ਮੈਡ ਸੰਧੂ ਕਤਲ ਮਾਮਲੇ ‘ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਗੁਜਰਾਤ ‘ਚ ਲੁਕਿਆ ਬੈਠਾ ਸੀ ਦੋਸ਼ੀ

Mad Sandhu Case: ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਵਜੋਂ ਹੋਈ ਹੈ।

ਪੁਲਿਸ ਮੁਤਾਬਕ, ਪਰਮਿੰਦਰ ‘ਤੇ ਮੈਡ ਸੰਧੂ ‘ਤੇ ਗੋਲੀਬਾਰੀ ਕਰਨ ਦਾ ਦੋਸ਼ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁਲਜ਼ਮ ਦੀ ਤਸਵੀਰ ਵੀ ਸਾਹਮਣੇ ਆਈ ਹੈ।

ਕਤਲ ਤੋਂ ਬਾਅਦ ਗੁਜਰਾਤ ਭੱਜ ਗਿਆ ਸੀ ਮੁਲਜ਼ਮ

ਜਾਣਕਾਰੀ ਮੁਤਾਬਕ ਮੈਡ ਸੰਧੂ ਦੇ ਕਤਲ ਤੋਂ ਬਾਅਦ ਪਰਮਿੰਦਰ ਕਾਕਾ ਗੁਜਰਾਤ ਚਲਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਵੱਖ-ਵੱਖ ਹੋਟਲਾਂ ਵਿੱਚ ਆਪਣੀ ਪਛਾਣ ਲੁਕਾ ਕੇ ਰਹਿ ਰਿਹਾ ਸੀ।

ਉਸਦੀ ਲੋਕੇਸ਼ਨ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਸ਼ੁਰੂ ਕੀਤੀ। ਗੁਜਰਾਤ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਕਾਰਵਾਈ ਦੌਰਾਨ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।

ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਇਸ ਕਤਲ ਪਿੱਛੇ ਅਸਲ ਸਾਜ਼ਿਸ਼ ਕੀ ਸੀ ਅਤੇ ਇਸ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ। ਪੁਲਿਸ ਵੱਲੋਂ ਕਥਿਤ ਗੋਲਡੀ ਢਿੱਲੋਂ ਗੈਂਗ ਨਾਲ ਮੁਲਜ਼ਮ ਦੇ ਸਬੰਧਾਂ ਅਤੇ ਕਤਲ ਲਈ ਹੋਈ ਕਥਿਤ ਫੰਡਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਕਾਰ ਧੋਣ ਲਈ ਛੱਡੀ ਸੀ ਕਾਰ, ਫਿਰ ਹੋਈ ਗੋਲੀਬਾਰੀ

ਚਸ਼ਮਦੀਦਾਂ ਮੁਤਾਬਕ ਮੈਡ ਸੰਧੂ ਆਪਣੀ ਕਾਰ ਕਾਰ ਵਾਸ਼ ਲਈ ਛੱਡ ਕੇ ਗਿਆ ਸੀ। ਬਾਅਦ ਵਿੱਚ ਦੋ ਕੁੜੀਆਂ ਉਸਨੂੰ ਕਾਰ ਵਾਪਸ ਲੈਣ ਲਈ ਛੱਡਣ ਆਈਆਂ।

ਇਸੇ ਦੌਰਾਨ ਇੱਕ ਮੋਟਰਸਾਈਕਲ ‘ਤੇ ਦੋ ਨੌਜਵਾਨ ਉੱਥੇ ਪਹੁੰਚੇ। ਇੱਕ ਨੌਜਵਾਨ ਮੋਟਰਸਾਈਕਲ ‘ਤੇ ਹੀ ਰਿਹਾ, ਜਦਕਿ ਦੂਜਾ ਮੈਡ ਸੰਧੂ ਵੱਲ ਗਿਆ ਅਤੇ ਉਸ ‘ਤੇ ਗੋਲੀਬਾਰੀ ਕਰ ਦਿੱਤੀ।

ਚਸ਼ਮਦੀਦਾਂ ਦੇ ਅਨੁਸਾਰ ਕਰੀਬ 4 ਤੋਂ 5 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਮੈਡ ਸੰਧੂ ਨੂੰ ਲੱਗੀਆਂ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸਨੂੰ ਨਜ਼ਦੀਕੀ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।

ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰਦਾਤ ਪਿੱਛੇ ਕੌਣ-ਕੌਣ ਲੋਕ ਸਨ ਅਤੇ ਕਤਲ ਦੀ ਸਾਜ਼ਿਸ਼ ਕਿਵੇਂ ਰਚੀ ਗਈ।

Leave a Reply