Pakistan: ਫਾਈਨਲ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (FATF) ਪਲੇਨਰੀ ਤੋਂ ਪਹਿਲਾਂ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ (JeM) ਦੇ ਮੁਖੀ ਮਸੂਦ ਅਜ਼ਹਰ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਹੈ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (FIA) ਨੇ ਆਪਣੀ ਨਵੀਂ ਰੈੱਡ ਬੁੱਕ ਵਿੱਚ ਅਜ਼ਹਰ ਨੂੰ ਭਗੌੜਾ ਕਰਾਰ ਦਿੰਦੇ ਹੋਏ ਉਸ ‘ਤੇ ਰੱਖੇ ਇਨਾਮ ਵਿੱਚ 20 ਲੱਖ ਪਾਕਿਸਤਾਨੀ ਰੁਪਏ ਦਾ ਵਾਧਾ ਕੀਤਾ ਹੈ।
FIA ਸੂਤਰਾਂ ਮੁਤਾਬਕ ਹੁਣ ਮਸੂਦ ਅਜ਼ਹਰ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਦੀ ਰਕਮ ਵਧ ਕੇ 70 ਲੱਖ ਪਾਕਿਸਤਾਨੀ ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ 2021 ਵਿੱਚ ਉਸ ‘ਤੇ 50 ਲੱਖ ਪਾਕਿਸਤਾਨੀ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਅਜ਼ਹਰ ਅਫਗਾਨਿਸਤਾਨ ‘ਚ ਲੁਕਿਆ ਹੋਣ ਦਾ ਪਾਕਿਸਤਾਨ ਦਾ ਦਾਅਵਾ
ਪਾਕਿਸਤਾਨ 2021 ਤੋਂ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਮਸੂਦ ਅਜ਼ਹਰ ਉਸਦੀ ਧਰਤੀ ‘ਤੇ ਨਹੀਂ ਹੈ ਅਤੇ ਉਹ ਅਫਗਾਨਿਸਤਾਨ ਭੱਜ ਗਿਆ ਹੈ। ਹਾਲਾਂਕਿ, ਭਾਰਤੀ ਖੁਫੀਆ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕੀਤੇ ਗਏ ਤਕਨੀਕੀ ਵਿਸ਼ਲੇਸ਼ਣ ਵਿੱਚ ਅਜ਼ਹਰ ਦੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਨਵਾਬਸ਼ਾਹ ਵਿੱਚ ਲੁਕੇ ਹੋਣ ਦੇ ਸੰਕੇਤ ਮਿਲੇ ਹਨ।
ਇਸ ਪੂਰੇ ਮਾਮਲੇ ਨੂੰ FATF ਦੀ ਆਉਣ ਵਾਲੀ ਪਲੇਨਰੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ ‘ਤੇ ਆਪਣੇ ਅੱਤਵਾਦ ਵਿਰੋਧੀ ਕਦਮਾਂ ਨੂੰ ਦਰਸਾ ਕੇ ਮੁੜ ਗ੍ਰੇ ਲਿਸਟ ਵਿੱਚ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।
FIA ਦੀ ਰੈੱਡ ਬੁੱਕ ‘ਚ 26/11 ਨਾਲ ਜੁੜੇ 19 ਨਾਮ
ਮਸੂਦ ਅਜ਼ਹਰ ਤੋਂ ਇਲਾਵਾ FIA ਦੀ ਨਵੀਂ ਰੈੱਡ ਬੁੱਕ ਵਿੱਚ 26/11 ਮੁੰਬਈ ਅੱਤਵਾਦੀ ਹਮਲਿਆਂ ਨਾਲ ਜੁੜੇ 19 ਲੋਕਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ‘ਤੇ ਹਮਲਾਵਰਾਂ ਨੂੰ ਮਦਦ ਦੇਣ, ਵਿੱਤੀ ਸਹਾਇਤਾ ਕਰਨ ਜਾਂ ਉਨ੍ਹਾਂ ਲਈ ਕਿਸ਼ਤੀਆਂ ਦਾ ਪ੍ਰਬੰਧ ਕਰਨ ਦੇ ਦੋਸ਼ ਹਨ।
ਰਿਪੋਰਟ ਮੁਤਾਬਕ ਇਨ੍ਹਾਂ ਵਿੱਚੋਂ 17 ਲੋਕਾਂ ਦੀਆਂ ਤਸਵੀਰਾਂ ਅਤੇ 26/11 ਹਮਲਿਆਂ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਵੀ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ, ਦੋ ਵਿਅਕਤੀਆਂ ਦੇ ਮਾਮਲੇ ਵਿੱਚ ਪਾਕਿਸਤਾਨ ਨੇ ਪਿਛਲੀ ਸੂਚੀ ਦੇ ਮੁਕਾਬਲੇ ਕੁਝ ਵੇਰਵੇ ਹਟਾ ਦਿੱਤੇ ਹਨ। ਉਨ੍ਹਾਂ ਦੀਆਂ ਤਸਵੀਰਾਂ, ਲਸ਼ਕਰ-ਏ-ਤੋਇਬਾ (LeT) ਨਾਲ ਸਬੰਧ ਅਤੇ ਵਿਸਥਾਰਪੂਰਵਕ ਭੂਮਿਕਾਵਾਂ ਹੁਣ ਰਿਕਾਰਡ ਵਿੱਚ ਨਹੀਂ ਹਨ।
ਇਨ੍ਹਾਂ ਵਿੱਚ ਤੁਰਬਤ ਦਾ ਮੁਹੰਮਦ ਖਾਨ ਵੀ ਸ਼ਾਮਲ ਹੈ। FIA ਦੇ ਪੁਰਾਣੇ ਰਿਕਾਰਡ ਮੁਤਾਬਕ ਉਸ ਨੇ ਹਮਲਾਵਰਾਂ ਨੂੰ ਮੁੰਬਈ ਪਹੁੰਚਣ ਲਈ ਅਲ-ਹੁਸੈਨੀ ਕਿਸ਼ਤੀ ਮੁਹੱਈਆ ਕਰਵਾਈ ਸੀ। ਨਵੀਂ ਸੂਚੀ ਵਿੱਚ ਉਸਦਾ ਨਾਮ ਤਾਂ ਮੌਜੂਦ ਹੈ, ਪਰ ਤਸਵੀਰ, LeT ਨਾਲ ਸਬੰਧ ਅਤੇ ਭੂਮਿਕਾ ਨਾਲ ਜੁੜੇ ਵੇਰਵੇ ਹਟਾ ਦਿੱਤੇ ਗਏ ਹਨ।
ਇਸੇ ਤਰ੍ਹਾਂ ਬਹਾਵਲਨਗਰ ਦੇ ਅਬਦੁਲ ਰਹਿਮਾਨ ਦੀ ਤਸਵੀਰ ਅਤੇ LeT ਨਾਲ ਸਬੰਧਾਂ ਬਾਰੇ ਜਾਣਕਾਰੀ ਵੀ ਨਵੀਂ ਸੂਚੀ ਵਿੱਚੋਂ ਹਟਾਈ ਗਈ ਹੈ। ਇਹ ਵੇਰਵੇ 2021 ਦੀ FIA ਰੈੱਡ ਬੁੱਕ ਵਿੱਚ ਮੌਜੂਦ ਸਨ।
26/11 ਹਮਲਿਆਂ ਲਈ ਕਿਸ਼ਤੀਆਂ ਦਾ ਪ੍ਰਬੰਧ ਕਰਨ ਵਾਲੇ ਨਾਮ
ਨਵੀਂ ਸੂਚੀ ਵਿੱਚ 11 ਲਸ਼ਕਰ-ਏ-ਤੋਇਬਾ ਨਾਲ ਜੁੜੇ ਲੋਕਾਂ ਦੇ ਨਾਮ ਹਨ, ਜਿਨ੍ਹਾਂ ‘ਤੇ ਅਲ-ਹੁਸੈਨੀ ਅਤੇ ਅਲ-ਫੌਜ਼ ਕਿਸ਼ਤੀਆਂ ਰਾਹੀਂ 26/11 ਦੇ ਹਮਲਾਵਰਾਂ ਦੀ ਸਮੁੰਦਰੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਦੇ ਦੋਸ਼ ਹਨ।
ਇਨ੍ਹਾਂ ਵਿੱਚ ਮੁਹੰਮਦ ਅਮਜਦ ਖਾਨ (ਮੁਲਤਾਨ), ਸ਼ਾਹਿਦ ਗਫੂਰ (ਬਹਾਵਲਪੁਰ), ਮੁਹੰਮਦ ਉਸਮਾਨ (ਸਾਹੀਵਾਲ), ਅਤੀਕ-ਉਰ-ਰਹਿਮਾਨ (ਲਾਹੌਰ), ਰਿਆਜ਼ ਅਹਿਮਦ (ਹਾਫਿਜ਼ਾਬਾਦ), ਮੁਹੰਮਦ ਮੁਸ਼ਤਾਕ (ਗੁਜਰਾਂਵਾਲਾ), ਮੁਹੰਮਦ ਨਈਮ (ਡੇਰਾ ਇਸਮਾਈਲ ਖਾਨ/ਡੀ.ਜੀ. ਖਾਨ), ਅਬਦੁਲ ਸ਼ਕੂਰ (ਕਰਾਚੀ), ਮੁਹੰਮਦ ਸਾਬਿਰ ਸਲਫੀ (ਮੁਲਤਾਨ), ਮੁਹੰਮਦ ਉਸਮਾਨ (ਲੋਧਰਾਂ) ਅਤੇ ਸ਼ਕੀਲ ਅਹਿਮਦ (ਰਹੀਮ ਯਾਰ ਖਾਨ) ਦੇ ਨਾਮ ਸ਼ਾਮਲ ਹਨ।
ਹਮਲੇ ਲਈ ਪੈਸੇ ਦੇਣ ਵਾਲੇ 6 ਵਿਅਕਤੀ ਵੀ ਸੂਚੀ ‘ਚ
FIA ਦੀ ਸੂਚੀ ਵਿੱਚ 6 ਅਜਿਹੇ ਲੋਕਾਂ ਦੇ ਨਾਮ ਵੀ ਹਨ, ਜਿਨ੍ਹਾਂ ‘ਤੇ 26/11 ਹਮਲਿਆਂ ਲਈ ਵਿੱਤੀ ਸਹਾਇਤਾ ਦੇਣ ਦੇ ਦੋਸ਼ ਹਨ।
ਇਨ੍ਹਾਂ ਵਿੱਚ ਮੁਹੰਮਦ ਇਫਤਿਖਾਰ ਅਲੀ ‘ਤੇ 70,000 ਪਾਕਿਸਤਾਨੀ ਰੁਪਏ ਖਰਚ ਕਰਕੇ ਹਮਲਾਵਰਾਂ ਅਤੇ ਉਨ੍ਹਾਂ ਦੇ ਹੈਂਡਲਰਾਂ ਵਿਚਕਾਰ ਸੰਚਾਰ ਲਈ VOIP ਕਨੈਕਸ਼ਨ ਸਥਾਪਤ ਕਰਨ ਦਾ ਦੋਸ਼ ਹੈ। ਮੁਹੰਮਦ ਜ਼ਿਆ ਨੇ ਕਥਿਤ ਤੌਰ ‘ਤੇ 80,000 ਰੁਪਏ, ਮੁਹੰਮਦ ਅੱਬਾਸ ਨਾਸਿਰ ਨੇ 2,53,000 ਰੁਪਏ, ਜਾਵੇਦ ਇਕਬਾਲ ਨੇ 1,86,430 ਰੁਪਏ, ਮੁਖਤਾਰ ਅਹਿਮਦ ਨੇ 2,98,047 ਰੁਪਏ ਅਤੇ ਅਹਿਮਦ ਸਈਦ ਨੇ 21 ਲੱਖ ਪਾਕਿਸਤਾਨੀ ਰੁਪਏ ਦਿੱਤੇ ਸਨ।
18 ਸਾਲ ਤੋਂ ਫਰਾਰ ਦੱਸੇ ਜਾ ਰਹੇ ਹਨ 26/11 ਨਾਲ ਜੁੜੇ ਲੋਕ
FIA ਦੇ ਅਨੁਸਾਰ 26/11 ਹਮਲਿਆਂ ਨਾਲ ਜੁੜੇ ਇਹ 17 ਲੋਕ ਪਿਛਲੇ 18 ਸਾਲਾਂ ਤੋਂ ਫਰਾਰ ਹਨ। ਦੂਜੇ ਪਾਸੇ, ਭਾਰਤੀ ਖੁਫੀਆ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਸਾਰੇ ਵਿਅਕਤੀ ਪਾਕਿਸਤਾਨ ਵਿੱਚ ਹੀ ਮੌਜੂਦ ਹਨ।
ਭਾਰਤੀ ਸੂਤਰਾਂ ਨੇ FIA ਦੀ ਮੋਸਟ ਵਾਂਟੇਡ ਸੂਚੀ ਵਿੱਚ ਉਨ੍ਹਾਂ ਨੂੰ ਸ਼ਾਮਲ ਕਰਨ ਨੂੰ ਅੰਤਰਰਾਸ਼ਟਰੀ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦੱਸਿਆ ਹੈ।
ਪਾਕਿਸਤਾਨ ਦੀ ਮੋਸਟ ਵਾਂਟੇਡ ਰੈੱਡ ਬੁੱਕ ‘ਚ ਵੱਡਾ ਵਾਧਾ
FIA ਦੀ ਰੈੱਡ ਬੁੱਕ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਮੋਸਟ ਵਾਂਟੇਡ ਅੱਤਵਾਦੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। 2021 ਦੀ ਸੂਚੀ ਵਿੱਚ ਜਿੱਥੇ 1,330 ਨਾਮ ਸਨ, ਉੱਥੇ ਨਵੀਂ ਜਾਰੀ ਕੀਤੀ ਗਈ ਸੂਚੀ ਵਿੱਚ ਇਹ ਗਿਣਤੀ ਵਧ ਕੇ 1,804 ਹੋ ਗਈ ਹੈ। ਯਾਨੀ ਕੁੱਲ ਗਿਣਤੀ ਵਿੱਚ ਕਰੀਬ 35 ਫੀਸਦੀ ਵਾਧਾ ਹੋਇਆ ਹੈ।
