Punjab BJP: ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੱਡਾ ਸਿਆਸੀ ਅਤੇ ਸਮਾਜਿਕ ਅਭਿਆਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਾਰਟੀ 18 ਸਤੰਬਰ ਤੋਂ ਸੂਬੇ ਭਰ ਵਿੱਚ ਚਾਰ ਵੱਖ-ਵੱਖ “ਨਸ਼ਾ ਮੁਕਤ ਪੰਜਾਬ ਯਾਤਰਾਵਾਂ” ਕੱਢੇਗੀ, ਜੋ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਦੀਆਂ ਹੋਈਆਂ ਕਰੀਬ 4,000 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੀਆਂ।
ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੀਨੀਅਰ ਆਗੂਆਂ ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੀ ਮੌਜੂਦਗੀ ਵਿੱਚ ਇਸ ਮੁਹਿੰਮ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ “ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ” ਦੇ ਸੰਦੇਸ਼ ਨਾਲ ਸ਼ੁਰੂ ਹੋ ਰਹੀ ਇਹ ਯਾਤਰਾ ਨਸ਼ਿਆਂ ਖ਼ਿਲਾਫ਼ ਲੋਕ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸੂਬੇ ਵਿੱਚ ਕਾਨੂੰਨ-ਵਿਵਸਥਾ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਵੀ ਉਜਾਗਰ ਕਰੇਗੀ।
ਭਾਜਪਾ ਨੇ ਇਸ ਮੌਕੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਦਿਆਂ ਦੋਸ਼ ਲਾਇਆ ਕਿ ਸਰਕਾਰ ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਨਸ਼ਿਆਂ, ਅਪਰਾਧ ਅਤੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਲੋਕਾਂ ਦੀ ਆਵਾਜ਼ ਬਣਨ ਲਈ ਇਹ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ।
ਚਾਰ ਥਾਵਾਂ ਤੋਂ ਸ਼ੁਰੂ ਹੋਣਗੀਆਂ ਯਾਤਰਾਵਾਂ
ਭਾਜਪਾ ਦੇ ਪ੍ਰੋਗਰਾਮ ਅਨੁਸਾਰ ਪਹਿਲੀ ਯਾਤਰਾ 18 ਸਤੰਬਰ ਨੂੰ ਪਠਾਨਕੋਟ ਦੇ ਮਾਧੋਪੁਰ ਤੋਂ ਸ਼ੁਰੂ ਹੋਵੇਗੀ, ਜਿਸ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਹਰੀ ਝੰਡੀ ਦਿਖਾਉਣਗੇ।
ਇਸ ਤੋਂ ਬਾਅਦ 19 ਸਤੰਬਰ ਨੂੰ ਫਤਹਿਗੜ੍ਹ ਸਾਹਿਬ, 20 ਸਤੰਬਰ ਨੂੰ ਫਾਜ਼ਿਲਕਾ ਦੇ ਸਾਦਿਕੀ ਸਰਹੱਦੀ ਖੇਤਰ ਅਤੇ 21 ਸਤੰਬਰ ਨੂੰ ਤਲਵੰਡੀ ਸਾਬੋ ਤੋਂ ਹੋਰ ਤਿੰਨ ਯਾਤਰਾਵਾਂ ਰਵਾਨਾ ਕੀਤੀਆਂ ਜਾਣਗੀਆਂ।
ਇਹ ਸਾਰੀਆਂ ਯਾਤਰਾਵਾਂ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦੀਆਂ ਹੋਈਆਂ 30 ਸਤੰਬਰ ਨੂੰ ਜਲੰਧਰ ਵਿੱਚ ਇਕੱਠੀਆਂ ਹੋਣਗੀਆਂ। ਸਮਾਪਤੀ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕਾਂ ਨੂੰ ਸੰਬੋਧਨ ਕਰਨਗੇ।
ਨਸ਼ਿਆਂ ਵਿਰੁੱਧ ਲੜਾਈ ਲਈ ਨਵੀਂ ਰਣਨੀਤੀ
ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਸਿਰਫ਼ ਤਸਕਰਾਂ ਜਾਂ ਨਸ਼ੇੜੀਆਂ ਖ਼ਿਲਾਫ਼ ਕੇਸ ਦਰਜ ਕਰਨ ਨਾਲ ਨਹੀਂ ਜਿੱਤੀ ਜਾ ਸਕਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਛੱਡ ਚੁੱਕੇ ਲੋਕਾਂ ਦੇ ਮੁੜ-ਵਸੇਬੇ ਅਤੇ ਸਮਾਜ ਵਿੱਚ ਦੁਬਾਰਾ ਸਥਾਪਿਤ ਕਰਨ ਲਈ ਪ੍ਰਭਾਵਸ਼ਾਲੀ ਨੀਤੀ ਬਣਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਅਸਲ ਲੜਾਈ ਨਸ਼ਿਆਂ ਦੇ ਪਿੱਛੇ ਚੱਲ ਰਹੇ ਪੈਸੇ ਦੇ ਨੈੱਟਵਰਕ ਨੂੰ ਤੋੜਨ ਦੀ ਹੈ। ਇਸ ਲਈ ਭਾਜਪਾ ਸੱਤਾ ਵਿੱਚ ਆਉਣ ‘ਤੇ ਇੱਕ ਐਂਟੀ-ਡਰੱਗ ਇੰਟੈਲੀਜੈਂਸ ਗ੍ਰਿਡ ਬਣਾਉਣ ਦਾ ਵਾਅਦਾ ਕਰਦੀ ਹੈ, ਜਿਸ ਵਿੱਚ ਪੁਲੀਸ, ਖ਼ੁਫ਼ੀਆ ਏਜੰਸੀਆਂ, ਮੁੜ-ਵਸੇਬਾ ਮਾਹਿਰਾਂ ਅਤੇ ਸਮਾਜਿਕ-ਧਾਰਮਿਕ ਸੰਸਥਾਵਾਂ ਨੂੰ ਇਕੱਠਾ ਕਰਕੇ ਨਸ਼ਿਆਂ ਦੀ ਸਮੱਸਿਆ ਦਾ ਸਮੁੱਚਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਭਾਜਪਾ ਦਾ ਕਹਿਣਾ ਹੈ ਕਿ ਇਹ ਯਾਤਰਾ ਸਿਰਫ਼ ਇੱਕ ਸਿਆਸੀ ਮੁਹਿੰਮ ਨਹੀਂ, ਸਗੋਂ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਲੋਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਹੈ।
