ਕਾਂਗਰਸ ‘ਚ ਵਾਪਸੀ ਕਰਨਗੇ ਕੈਪਟਨ ਅਮਰਿੰਦਰ ਸਿੰਘ? ਧੀ ਜੈਇੰਦਰ ਕੌਰ ਨੇ ਦੱਸਿਆ ਸੱਚ

You are currently viewing ਕਾਂਗਰਸ ‘ਚ ਵਾਪਸੀ ਕਰਨਗੇ ਕੈਪਟਨ ਅਮਰਿੰਦਰ ਸਿੰਘ? ਧੀ ਜੈਇੰਦਰ ਕੌਰ ਨੇ ਦੱਸਿਆ ਸੱਚ

Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੜ ਕਾਂਗਰਸ ਵਿੱਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ ਵਿਚਾਲੇ ਉਨ੍ਹਾਂ ਦੀ ਧੀ ਅਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਨ੍ਹਾਂ ਚਰਚਾਵਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਹਨ ਅਤੇ ਅੱਗੇ ਵੀ ਭਾਜਪਾ ਵਿੱਚ ਹੀ ਰਹਿਣਗੇ।

ਜਦੋਂ ਮੀਡੀਆ ਨੇ ਜੈਇੰਦਰ ਕੌਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਵਿੱਚ ਵਾਪਸੀ ਕਰਨ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਆਪਣੇ ਅੰਦਰੂਨੀ ਮਸਲਿਆਂ ਤੋਂ ਇਲਾਵਾ ਇਸ ਸਮੇਂ ਕੋਈ ਵੱਡਾ ਮੁੱਦਾ ਨਹੀਂ ਹੈ ਅਤੇ ਇਸੇ ਕਾਰਨ ਅਜਿਹੀਆਂ ਅਫ਼ਵਾਹਾਂ ਸਾਹਮਣੇ ਆ ਰਹੀਆਂ ਹਨ।

ਜੈਇੰਦਰ ਕੌਰ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਵੀ ਕੈਪਟਨ ਦੇ ਕਾਂਗਰਸ ਵਿੱਚ ਜਾਣ ਦੀਆਂ ਚਰਚਾਵਾਂ ਚੱਲੀਆਂ ਸਨ ਅਤੇ ਹੁਣ ਇੱਕ ਵਾਰ ਫਿਰ ਇਹ ਮਾਮਲਾ ਚਰਚਾ ਵਿੱਚ ਆ ਗਿਆ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ, “ਕੈਪਟਨ ਅਮਰਿੰਦਰ ਸਿੰਘ ਅਤੇ ਅਸੀਂ ਭਾਜਪਾ ਵਿੱਚ ਹਾਂ ਤੇ ਭਾਜਪਾ ਵਿੱਚ ਹੀ ਸਿਆਸਤ ਕਰਾਂਗੇ।”

ਕਿਉਂ ਤੇਜ਼ ਹੋਈਆਂ ਕਾਂਗਰਸ ‘ਚ ਵਾਪਸੀ ਦੀਆਂ ਚਰਚਾਵਾਂ?

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਆਪਣੇ ਭਾਸ਼ਣ ਦੌਰਾਨ ‘ਦਿਮਾਗੀ ਨਕਸਲਵਾਦ’ ਦਾ ਜ਼ਿਕਰ ਕੀਤਾ ਸੀ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੇਖ ਲਿਖ ਕੇ ਇਸ ਸ਼ਬਦ ਦੀ ਸਪੱਸ਼ਟ ਵਿਆਖਿਆ ਕਰਨ ਦੀ ਲੋੜ ਦੱਸੀ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਕਾਂਗਰਸ ਵਿੱਚ ਮੁੜ ਜਾਣ ਦੀਆਂ ਕਿਆਸਅਰਾਈਆਂ ਨੂੰ ਹਵਾ ਮਿਲੀ।

ਇਸ ਤੋਂ ਇਲਾਵਾ ਰਾਹੁਲ ਗਾਂਧੀ ਵੱਲੋਂ ਵੀ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਖੁਦ ਅਜੇ ਤੱਕ ਕਾਂਗਰਸ ਵਿੱਚ ਵਾਪਸੀ ਬਾਰੇ ਕੋਈ ਸਪੱਸ਼ਟ ਬਿਆਨ ਨਹੀਂ ਦਿੱਤਾ ਹੈ।

ਫਿਲਹਾਲ ਜੈਇੰਦਰ ਕੌਰ ਦੇ ਬਿਆਨ ਨੇ ਇਨ੍ਹਾਂ ਕਿਆਸਅਰਾਈਆਂ ‘ਤੇ ਵਿਰਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਹੀ ਰਹਿਣਗੇ।

Leave a Reply